Assembly Elections Results 2022 : ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ ਵੀਰਵਾਰ ਯਾਨੀ 8 ਦਸੰਬਰ ਨੂੰ ਘੋਸ਼ਿਤ ਕੀਤੇ ਜਾਣਗੇ। ਦੂਜੇ ਪਾਸੇ ਜੇਕਰ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਹਿਮਾਚਲ 'ਚ ਜਿੱਥੇ ਕਰੀਬੀ ਟੱਕਰ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਗੁਜਰਾਤ 'ਚ ਇਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣਨ ਦੇ ਆਸਾਰ ਹਨ। ਚੋਣਾਂ ਲਈ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਹੁਣ ਜੇਕਰ 2017 ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਛੇਵੀਂ ਵਾਰ ਚੋਣਾਂ ਜਿੱਤ ਕੇ ਗੁਜਰਾਤ ਵਿੱਚ ਸਰਕਾਰ ਬਣਾਈ ਹੈ। ਸਾਲ 2017 ਵਿੱਚ ਗੁਜਰਾਤ ਚੋਣਾਂ ਦੋ ਪੜਾਵਾਂ ਵਿੱਚ ਹੋਈਆਂ ਸਨ। ਉਸ ਚੋਣ ਵਿੱਚ ਭਾਜਪਾ ਨੂੰ 99, ਕਾਂਗਰਸ ਨੂੰ 77 ਅਤੇ ਹੋਰਨਾਂ ਨੂੰ 6 ਸੀਟਾਂ ਮਿਲੀਆਂ ਸਨ। ਇਸ ਦੌਰਾਨ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ 2017 ਦੀਆਂ ਗੁਜਰਾਤ ਚੋਣਾਂ ਵਿੱਚ ਇਸ ਨੂੰ 49.05% ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਇਸ ਚੋਣ ਵਿੱਚ ਕਾਂਗਰਸ ਨੂੰ 41.44% ਵੋਟਾਂ ਮਿਲੀਆਂ ਸਨ।
2017 ਦੇ ਮੁਕਾਬਲੇ ਇਸ ਵਾਰ ਵੋਟਿੰਗ ਫ਼ੀਸਦ ਕਰੀਬ ਚਾਰ ਫ਼ੀਸਦੀ ਘਟੀ ਹੈ। 2017 ਵਿੱਚ 68.39 ਫੀਸਦੀ ਦੇ ਮੁਕਾਬਲੇ ਰਾਜ ਵਿੱਚ ਸਿਰਫ 64.33 ਫੀਸਦੀ ਪੋਲਿੰਗ ਹੋਈ। ਵੋਟ ਪ੍ਰਤੀਸ਼ਤ ਵਿੱਚ ਇਸ ਗਿਰਾਵਟ ਦਾ ਕਾਰਨ ਸ਼ਹਿਰੀ ਵੋਟਰਾਂ ਦੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਪ੍ਰਤੀ ਉਦਾਸੀਨਤਾ ਨੂੰ ਦੱਸਿਆ ਗਿਆ ਹੈ। ਘੱਟ ਪੋਲਿੰਗ ਪ੍ਰਤੀਸ਼ਤ ਨੇ ਭਾਜਪਾ ਨੂੰ ਚਿੰਤਤ ਕਰ ਦਿੱਤਾ ਹੈ ਅਤੇ ਦੂਜੇ ਪੜਾਅ ਵਿੱਚ ਪਾਰਟੀ ਨੇ ਪੋਲਿੰਗ ਅੰਕੜਿਆਂ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਗੁਜਰਾਤ 'ਚ ਮੁਕਾਬਲਾ ਰਵਾਇਤੀ ਤੌਰ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਰਿਹਾ ਹੈ ਪਰ ਇਸ ਵਾਰ 'ਆਪ' ਦੇ ਮੈਦਾਨ 'ਚ ਉਤਰਨ ਨਾਲ ਤਿਕੋਣਾ ਹੋ ਗਿਆ ਹੈ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਵੀ ਸਾਲ 2017 ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਹਿਮਾਚਲ 'ਚ ਭਾਜਪਾ ਨੇ 44 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੂੰ 21 ਸੀਟਾਂ ਮਿਲੀਆਂ ਹਨ। ਤਿੰਨ ਸੀਟਾਂ ਬਾਕੀਆਂ ਦੇ ਖਾਤੇ ਵਿੱਚ ਗਈਆਂ। 2012 ਦੇ ਮੁਕਾਬਲੇ ਭਾਜਪਾ ਨੂੰ 18 ਸੀਟਾਂ ਦਾ ਫਾਇਦਾ ਹੋਇਆ ਸੀ, ਜਦਕਿ ਕਾਂਗਰਸ ਨੂੰ 15 ਸੀਟਾਂ ਦਾ ਨੁਕਸਾਨ ਹੋਇਆ ਸੀ। ਇਸ ਵਾਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਹਿਮਾਚਲ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਬਿਹਤਰ ਹੋ ਸਕਦਾ ਹੈ।
ਇਸ ਵਾਰ ਵੋਟਿੰਗ ਦੇ ਤੋੜੇ ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਸੂਬੇ ਦੇ ਵੋਟਰਾਂ ਨੇ ਹੁਣ ਤੱਕ ਹੋਈਆਂ ਵਿਧਾਨ ਸਭਾ ਚੋਣਾਂ ਦੇ ਵੋਟਿੰਗ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 12 ਨਵੰਬਰ ਨੂੰ ਰਿਕਾਰਡ 75.6 ਫੀਸਦੀ ਵੋਟਾਂ ਪਈਆਂ ਸਨ। ਸਰਵਿਸ ਵੋਟਰ ਨਾਲ ਜੁੜਨ ਤੋਂ ਬਾਅਦ ਵੋਟਿੰਗ ਦਾ ਅੰਕੜਾ 76 ਫੀਸਦੀ ਤੱਕ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ 2017 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ 75.57 ਫੀਸਦੀ ਵੋਟਿੰਗ ਹੋਈ ਸੀ।