ਅਹਿਮਦਾਬਾਦ: ਕੋਰੋਨਾ ਵਾਇਰਸ ਦੇ ਚੱਲਦਿਆਂ ਸਖ਼ਤ ਸੁਰੱਖਿਆ ਪ੍ਰਬੰਧਾਂ ਤੇ ਸਾਵਧਾਨੀਆਂ ਹੇਠ ਗੁਜਰਾਤ ਦੀਆਂ ਛੇ ਨਗਰ ਨਿਗਮ ਚੋਣਾਂ ਲਈ ਕੱਲ੍ਹ ਐਤਵਾਰ ਨੂੰ 42.21 ਫ਼ੀ ਸਦੀ ਵੋਟਾਂ ਪਈਆਂ। ਅਹਿਮਦਾਬਾਦ, ਵੜੋਦਰਾ, ਸੂਰਤ, ਰਾਜਕੋਟ, ਜਾਮਨਗਰ ਤੇ ਭਾਵਨਗਰ ਦੇ ਛੇ ਨਗਰ ਨਿਗਮਾਂ ਦੇ 144 ਵਾਰਡਾਂ ’ਚ ਸਵੇਰੇ ਸੱਤ ਵਜੇ ਪੋਲਿੰਗ ਸ਼ੁਰੂ ਹੋਈ, ਜੋ ਸ਼ਾਮੀਂ ਛੇ ਵਜੇ ਤੱਕ ਜਾਰੀ ਰਹੀ। ਸਵੇਰ ਵੇਲੇ ਬੂਥਾਂ ਉੱਤੇ ਵੋਟਰਾਂ ਦੀਆਂ ਵੱਡੀਆਂ ਕਤਾਰਾਂ ਨਜ਼ਰ ਆਈ ਪਰ ਬਾਅਦ ’ਚ ਕੁਝ ਸੁਸਤੀ ਹੀ ਬਣੀ ਰਹੀ। ਵੋਟਾਂ ਦੀ ਗਿਣਤੀ 23 ਫਰਵਰੀ ਨੂੰ ਹੋਏਗੀ।


 

ਗੁਜਰਾਤ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਅਹਿਮਦਾਬਾਦ ’ਚ ਸਭ ਤੋਂ ਘੱਟ 38.73 ਫ਼ੀਸਦੀ ਵੋਟਾਂ ਪਈਆਂ; ਜਦ ਕਿ ਸਭ ਤੋਂ ਵੱਧ 49.86 ਫ਼ੀਸਦੀ ਵੋਟਾਂ ਜਾਮਨਗਰ ’ਚ ਪਈਆਂ। ਇਸੇ ਤਰ੍ਹਾਂ ਰਾਜਕੋਟ ’ਚ 47.27 ਫ਼ੀਸਦੀ, ਭਾਵਨਗਰ ’ਚ 43.66 ਫ਼ੀਸਦੀ, ਸੂਰਤ ’ਚ 43.52 ਫ਼ੀਸਦੀ ਤੇ ਵੜੋਦਰਾ ’ਚ 43.47 ਫ਼ੀਸਦੀ ਵੋਟਰਾਂ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ।

 

ਚੋਣਾਂ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਹੋਈਆਂ। ਇਨ੍ਹਾਂ ਚੋਣਾਂ ’ਚ ਮੁੱਖ ਮੁਕਾਬਲਾ ਭਾਜਪਾ ਤੇ ਮੁੱਖ ਵਿਰੋਧੀ ਧਿਰ ਕਾਂਗਰਸ ਵਿਚਾਲੇ ਹੈ। ਪਿਛਲੇ ਕਈ ਕਾਰਜਕਾਲਾਂ ਤੋਂ ਭਾਜਪਾ ਹੀ ਇਨ੍ਹਾਂ ਛੇ ਨਗਰ ਨਿਗਮਾਂ ਉੱਤੇ ਕਾਬਜ਼ ਚੱਲ ਰਹੀ ਹੈ।

 

ਇਸ ਦੌਰਾਨ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਤੇ ਕਾਂਗਰਸ ਸਾਹਮਣੇ ਇੱਕ ਪ੍ਰਭਾਵਸ਼ਾਲੀ ਵਿਕਲਪ ਸਿੰਧ ਹੋਵੇਗੀ; ਜਦ ਕਿ ਅਸਦੁੱਦੀਨ ਓਵੈਸੀ ਦੀ ਪਾਰਟੀ ‘ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ’ (AIMIM) ਪਹਿਲੀ ਵਾਰ ਇਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਲੜ ਰਹੀ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ 575 ਸੀਟਾਂ ਉੱਤੇ ਵੋਟਿੰਗ ਲਈ ਲਗਭਗ 32,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਹਰੇਕ ਵਾਰਡ ’ਚ ਚਾਰ ਕੌਂਸਲਰ ਹਨ। ਛੇ ਨਗਰ ਨਿਗਮਾਂ ਲਈ ਕੁੱਲ 2,276 ਉਮੀਦਵਾਰ ਚੋਣ ਮੈਦਾਨ ’ਚ ਹਨ।