ਮੁੰਬਈ: ਮੁੰਬਈ ਦੀ ਹਾਜੀ ਅਲੀ ਦਰਗਾਹ ਵਿੱਚ ਮਹਿਲਾਵਾਂ ਦੇ ਦਾਖਲ ਹੋਣ ਦਾ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ। ਸੋਮਵਾਰ ਨੂੰ ਦਰਗਾਹ ਟਰੱਸਟ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਇਸ ਸਬੰਧੀ ਹਾਈਕੋਰਟ ਵੱਲੋਂ ਦਿੱਤੇ ਗਏ ਆਦੇਸ਼ ਨੂੰ ਮੰਨਣ ਲਈ ਤਿਆਰ ਹੈ।

ਟਰੱਸਟ ਵੱਲੋਂ ਸੁਪਰੀਮ ਕੋਰਟ ਵਿੱਚ ਦੱਸਿਆ ਗਿਆ ਹੈ ਕਿ "ਦਰਗਾਹ ਵਿੱਚ ਸੂਫ਼ੀ ਸੰਤ ਦੀ ਕਬਰ ਤੱਕ ਮਹਿਲਾਵਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਸੀ। ਚਾਰ ਸਾਲ ਪਹਿਲਾਂ ਕੁਝ ਦਿੱਕਤਾਂ ਕਾਰਨ ਅਜਿਹਾ ਕੀਤਾ ਗਿਆ ਸੀ। ਹੁਣ ਦਰਗਾਹ ਟਰੱਸਟ ਮਹਿਲਾਵਾਂ ਦੇ ਲਈ ਵੱਖਰਾ ਰਸਤਾ ਬਣਾਉਣ ਲਈ ਤਿਆਰ ਹੋ ਗਿਆ ਹੈ''। ਦਰਗਾਹ ਟਰੱਸਟ ਦੇ ਵਕੀਲ ਗੋਪਾਲ ਸੁਬਰਾਮਨੀਅਮ ਨੇ ਆਖਿਆ ਹੈ ਕਿ ਨਵਾਂ ਰਸਤਾ ਖ਼ਜ਼ਾਨਾ ਦਫ਼ਤਰ ਵੱਲ ਬਣਾਇਆ ਜਾ ਜਾਵੇਗਾ ਤੇ ਇਸ ਕੰਮ ਵਿੱਚ ਦੋ ਹਫ਼ਤੇ ਦਾ ਸਮਾਂ ਲੱਗੇਗਾ।

ਇਸ ਤੋਂ ਬਾਅਦ ਚੀਫ਼ ਜਸਟਿਸ ਟੀ.ਐਸ. ਠਾਕੁਰ ਨੇ ਆਖਿਆ ਕਿ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹਾਈਕੋਰਟ ਦਾ ਆਦੇਸ਼ ਦਾ ਪਾਲਨ ਕਰਨ ਲਈ ਤਿਆਰ ਹੋ। ਇਸ ਤੋਂ ਬਾਅਦ ਅਦਾਲਤ ਨੇ ਇਸ ਸਬੰਧੀ ਚਾਰ ਹਫ਼ਤੇ ਦਾ ਸਮਾਂ ਦੇ ਦਿੱਤਾ। ਅਦਾਲਤ ਨੇ ਆਖਿਆ ਹੈ ਕਿ ਚਾਰ ਹਫ਼ਤਿਆਂ ਤੋਂ ਬਾਅਦ ਵੀ ਜੇਕਰ ਦਰਗਾਹ ਟਰੱਸਟ ਨੇ ਇਸ ਸਬੰਧੀ ਫ਼ੈਸਲਾ ਨਹੀਂ ਲਿਆ ਤਾਂ ਮੁੜ ਤੋਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਨ।

ਪੀਰ ਹਾਜੀ ਅਲੀ ਸ਼ਾਹ ਬੁਖ਼ਾਰੀ ਦੀ ਇਸ ਪ੍ਰਸਿੱਧ ਦਰਗਾਹ ਵਿੱਚ ਮਹਿਲਾਵਾਂ ਦੇ ਅੰਦਰ ਦਾਖਲ ਹੋਣ ਦੀ ਪਾਬੰਦੀ ਸੀ। 26 ਅਗਸਤ ਨੂੰ ਮੁੰਬਈ ਹਾਈਕੋਰਟ ਨੇ ਇਸ ਪਾਬੰਦੀ ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਨੂੰ ਦਰਗਾਹ ਟਰੱਸਟ ਨੇ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਸੀ।