ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ ਹੈ। ਕਾਂਗਰਸ ਤੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ ਵਿਚਾਲੇ ਸਹਿਮਤੀ ਬਣ ਗਈ ਹੈ। ਕਨਵੀਨਰ ਹਾਰਦਿਕ ਪਟੇਲ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਖਵੇਂਕਰਨ ਨੂੰ ਲੈ ਕੇ ਕਾਂਗਰਸ ਨੇ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਾਂਗਰਸ ਦਾ ਫਾਰਮੁਲਾ ਮਨਜ਼ੂਰ ਕਰ ਲਿਆ ਹੈ। ਸਰਕਾਰ ਬਣਨ 'ਤੇ ਕਾਂਗਰਸ ਰਾਖਵੇਂਕਰਨ ਲਈ ਮਤਾ ਪਾਸ ਕਰੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ 5 ਵਿੱਚੋਂ 4 ਮੰਗਾਂ ਮੰਨ ਲਈਆਂ ਸਨ। ਗੁਜਰਾਤ 'ਚ 9 ਤੇ 14 ਦਸੰਬਰ ਨੂੰ 2 ਫੇਜ਼ 'ਚ ਚੋਣਾਂ ਹੋਣੀਆਂ ਹਨ। ਨਤੀਜੇ 18 ਦਸੰਬਰ ਨੂੰ ਆਉਣਗੇ।


ਹਾਰਦਿਕ ਪਟੇਲ ਨੇ ਕਿਹਾ, "1994 ਤੋਂ ਬਾਅਦ ਅਲੱਗ-ਅਲੱਗ ਸੂਬਿਆਂ 'ਚ 50 ਫੀਸਦੀ ਤੋਂ ਜ਼ਿਆਦਾ ਰਾਖਵਾਂਕਰਨ ਦਿੱਤਾ ਗਿਆ ਹੈ। ਵਿਰੋਧੀ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਲੋਕ ਚੈਲੰਜ ਕਰਦੇ ਹਨ। ਜੋ ਵੀ ਹੋਵੇ ਉਹ ਓਬੀਸੀ ਕਮਿਊਨਿਟੀ ਦੇ ਲੋਕਾਂ ਨਾਲ ਹੋਵੇ। ਇਹ ਲੜਾਈ ਅਧਿਕਾਰਾਂ ਦੀ ਹੈ। ਆਜ਼ਾਦੀ ਤੋਂ ਬਾਅਦ ਹਰ ਕਿਸੇ ਨੂੰ ਹੱਕ ਹੈ ਕਿ ਉਹ ਆਵਾਜ਼ ਚੁੱਕੇ।" ਉਨ੍ਹਾਂ ਸਾਫ ਕੀਤਾ ਕਿ ਪਾਟੀਦਾਰਾਂ ਨੇ ਕਾਂਗਰਸ ਤੋਂ ਕੋਈ ਟਿਕਟ ਨਹੀਂ ਮੰਗੀ।

ਪਟੇਲ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਇੱਕ ਬਿੱਲ ਅਸੈਂਬਲੀ 'ਚ ਲਿਆਉਣਗੇ। ਇਸ 'ਚ ਆਰਟੀਕਲ 47 ਨੂੰ ਸ਼ਾਮਲ ਕੀਤਾ ਜਾਵੇਗਾ। ਪਾਟੀਦਾਰ ਸਮਾਜ ਗਰੀਬ ਹੈ। ਜੇਕਰ ਮੰਡਲ ਕਮਿਸ਼ਨ ਮੁਤਾਬਕ ਸਰਵੇ ਹੁੰਦਾ ਹੈ ਤਾਂ ਸਾਰਾ ਕੁਝ ਸਾਹਮਣੇ ਆ ਜਾਵੇਗਾ। ਹਾਰਦਿਕ ਨੇ ਸਾਫ ਕੀਤਾ ਕਿ ਉਹ ਕਾਂਗਰਸ ਦੇ ਏਜੰਟ ਨਹੀਂ ਹਨ। ਢਾਈ ਸਾਲ ਤੱਕ ਕੋਈ ਪਾਰਟੀ ਜੁਆਇਨ ਨਹੀਂ ਕਰਾਂਗਾ। ਬੀਜੇਪੀ ਖਿਲਾਫ ਲੜਾਈ ਜਾਰੀ ਰਹੇਗੀ।

ਹਾਰਦਿਕ ਨੇ ਕਿਹਾ ਕਿ ਬੀਜੇਪੀ ਲੋਕਾਂ ਨੂੰ ਇੱਕ-ਇੱਕ ਲੱਖ ਰੁਪਏ ਵੰਡ ਰਹੀ ਹੈ ਪਰ ਮੈਂ ਮੰਨਦਾ ਹਾਂ ਕਿ ਜਨਤਾ ਮੂਰਖ ਨਹੀਂ। ਬੀਜੇਪੀ ਨੇ ਆਜ਼ਾਦ ਉਮੀਦਵਾਰਾਂ ਨੂੰ 200 ਕਰੋੜ ਵੰਡੇ ਹਨ। ਸਾਡੀ ਲੜਾਈ ਅਧਿਕਾਰਾਂ ਲਈ ਹੈ, ਮੈਂ ਸੌਦੇਬਾਜ਼ ਨਹੀਂ।