ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਕਾਂਗਰਸ ਨੇ ਇਸ ਨੂੰ ‘ਸੰਕਲਪ ਪੱਤਰ 2019’ ਦਾ ਨਾਂ ਦਿੱਤਾ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਜਿਨ੍ਹਾਂ ਦੀ ਗਿਣਤੀ 24 ਅਕਤੂਬਰ ਨੂੰ ਕੀਤੀ ਜਾਵੇਗੀ।


ਰਿਲੀਜ਼ ਕੀਤੇ ਮੈਨੀਫੈਸਟੋ ‘ਚ ਕਾਂਗਰਸ ਨੇ ਮਹਿਲਾਵਾਂ ਦੇ ਮੁੱਦਿਆਂ ‘ਤੇ ਵਿਸ਼ੇਸ ਤੌਰ ‘ਤੇ ਧਿਆਨ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਐਲਾਨ ‘ਚ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ‘ਚ ਔਰਤਾਂ ਲਈ 33 ਫੀਸਦ ਰਾਖਵੇਂਕਰਨ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਚੋਣ ਮੈਨੀਫੈਸਟੋ ‘ਚ ਕਿਸਾਨਾਂ ਤੇ ਗਰੀਬ ਲੋਕਾਂ ਲਈ ਕਰਜ਼ ਮੁਆਫੀ ਦਾ ਵੀ ਵਾਅਦਾ ਕੀਤਾ ਹੈ।


ਕਾਂਗਰਸ ਨੇ ਹਰਿਆਣਾ ‘ਚ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਨੂੰ ਰੋਕਣ ਲਈ ਐਸਟੀਐਫ ਦੇ ਗਠਨ ਦਾ ਵਾਅਦ ਵੀ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਭਾਜਪਾ ਦੀ ਨੁਮਾਇੰਦਗੀ ‘ਚ ਸਰਕਾਰ ‘ਚ ਹੋਏ ਘੁਟਾਲਿਆਂ ਦੀ ਜਾਂਚ ਲਈ ਸਪੈਸ਼ਲ ਪੈਨਲ ਦਾ ਵੀ ਗਠਨ ਕੀਤਾ ਜਾਵੇਗਾ। ਮੈਨੀਫੈਸਟੋ ਜਾਰੀ ਕਰਨ ਦੌਰਾਨ ਕੁਮਾਰੀ ਸ਼ੈਲਜਾ ਨਾਲ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਸਣੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਮੌਜੂਦ ਸੀ।

ਹਰਿਆਣਾ ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ ‘ਚ ਕੀ ਕੁਝ ਰਿਹਾ ਖਾਸ:

  • ਹਰ ਜ਼ਿਲ੍ਹੇ 'ਚ ਯੂਨੀਵਰਸਿਟੀ ਤੇ ਮੈਡੀਕਲ ਕਾਲਜ ਬਣਾਏ ਜਾਣਗੇ

  • ਹਰਿਆਣਾ ਰੋਡਵੇਜ਼ 'ਚ ਔਰਤਾਂ ਨੂੰ ਮੁਫ਼ਤ ਸਫ਼ਰ

  • 10ਵੀਂ ਦੇ ਵਿਦਿਆਰਥੀਆਂ ਨੂੰ 12 ਹਜ਼ਾਰ ਸਕਾਲਰਸ਼ਿਪ ਦੇਵਾਂਗੇ

  • 15 ਹਜ਼ਾਰ ਰੁਪਏ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ

  • ਅਧਿਆਪਕਾਂ ਦੀ ਭਰਤੀ ਲਈ ਵਿਸ਼ੇਸ਼ ਅਭਿਆਨ ਚਲਾਵਾਂਗੇ

  • ਹਰ ਸਰਕਾਰੀ ਜਗ੍ਹਾ 'ਤੇ ਮੁਫ਼ਤ Wi-Fi ਜ਼ੋਨ ਬਣਾਏ ਜਾਣਗੇ

  • BPL ਮਹਿਲਾਵਾਂ ਨੂੰ ਚੁੱਲ੍ਹਾ ਖਰਚ 2 ਹਜ਼ਾਰ ਦੇਵਾਂਗੇ

  • ਵਿਧਵਾ ਤੇ ਤਲਾਕਸ਼ੁਦਾ ਮਹਿਲਾਵਾਂ ਨੂੰ 5100 ਪ੍ਰਤੀ ਮਹੀਨਾ