ਚੰਡੀਗੜ੍ਹ: ਪਿਛਲੇ ਸਾਲ ਦੇ ਮੁਕਾਬਲੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ 14 ਫੀਸਦੀ ਵਾਧਾ ਹੋਇਆ ਹੈ। ਹੁਣ ਇਹ 33 ਤੋਂ ਵਧ ਕੇ 47 ਫੀਸਦੀ ਹੋ ਗਈ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਇੰਜਨੀਰਿੰਗ ਦੇ ਵਿਦਿਆਰਥੀ ਹਨ। 57 ਫੀਸਦੀ ਫਾਈਨਲ ਈਅਰ ਦੇ ਇੰਜਨੀਰਿੰਗ ਪਾੜ੍ਹੇ ਰੁਜ਼ਗਾਰ ਦੇ ਯੋਗ ਹਨ। ਇਹ ਅੰਕੜੇ ਇੰਡੀਆ ਸਕਿਲ ਰਿਪੋਰਟ 2019 ਦੇ ਸਰਵੇਖਣ ਵਿੱਚ ਪੇਸ਼ ਕੀਤੇ ਗਏ ਹਨ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਿਖਰਲੇ 10 ਸੂਬਿਆਂ ਵਿੱਚੋਂ ਬਾਹਰ ਚੱਲ ਰਿਹਾ ਹਰਿਆਣਾ ਲੰਮੀ ਛਾਲ ਮਾਰ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਪੰਜਾਬ ਸਮੇਤ ਮੱਧ ਪ੍ਰਦੇਸ਼ ਤੇ ਗੁਜਰਾਤ ਟੌਪ 10 ’ਚੋਂ ਵੀ ਬਾਹਰ ਹੋ ਗਏ ਹਨ।

ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਮਾਮਲੇ ਵਿੱਚ ਆਂਧਰਾ ਪ੍ਰਦੇਸ਼ ਪਹਿਲੇ ਸਥਾਨ ’ਤੇ ਕਾਬਜ਼ ਹੈ ਜਦਕਿ ਰਾਜਸਥਾਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ। 15 ਜੁਲਾਈ ਤੋਂ 30 ਅਕਤੂਬਰ 2018 ਤਕ ਕੀਤੇ ਇਸ ਸਰਵੇਖਣ ਨੂੰ ਪੀਪਲ ਸਟ੍ਰਾਂਗ, ਵੀਬਾਕਸਚ ਤੇ ਸੀਆਈਆਈ ਨੇ ਆਲ ਇੰਡੀਆ ਕਾਊਂਸਲਿੰਗ ਫਾਰ ਟੈਕਨੀਕਲ ਐਜੂਕੇਸ਼ਨ, ਯੂਐਨਡੀਪੀ ਤੇ ਐਸੋਸੀਏਸ਼ਨ ਆਫ ਯੂਨੀਵਰਸਿਟੀਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਇਸ ਸਰਵੇਖਣ ਵਿੱਚ 29 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਕੀਤੇ ਗਏ ਸਨ।

9 ਖੇਤਰਾਂ ਵਿੱਚ 15 ਫੀਸਦੀ ਬੜ੍ਹਤ ਦੀ ਉਮੀਦ

ਇਸ ਸਾਲ 9 ਵੱਡੇ ਸੈਕਟਰਾਂ ਵਿੱਚ 15 ਫੀਸਦੀ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। 64 ਫੀਸਦੀ ਕੰਪਨੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸਕਾਰਾਤਮਕ ਹਨ। ਰਿਸਰਚ ਤੇ ਡਿਵੈਲਪਮੈਂਟ, ਆਰਟੀਫਿਸ਼ਲ ਇੰਟੈਲੀਜੈਂਸ ਤੇ ਡਿਜ਼ਾਈਨ ਐਨਾਲਿਟਿਕਲ ਦੇ ਖੇਤਰ ਵਿੱਚ ਜ਼ਿਆਰਾ ਹਾਇਰਿੰਗ ਹੋਣਗੀਆਂ। ਕਰੀਬ 23 ਫੀਸਦੀ ਕੰਪਨੀਆਂ ਡਿਜ਼ਾਈਨ ਦੀਆਂ ਨੌਕਰੀਆਂ ਵਿੱਚ ਹਾਇਰਿੰਗ ਕਰਨ ਦੀ ਯੋਜਨਾ ਬਣਾ ਰਹੀਆਂ ਹਨ।