ਰੋਹਤਕ: ਬਲਾਤਕਾਰ ਤੇ ਕਤਲ ਦੇ ਦੋਸ਼ੀ ਤੇ ਇੱਥੋਂ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾਯਾਫ਼ਤਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ 'ਤੇ ਹਰਿਆਣਾ ਸਰਕਾਰ ਮਿਹਰਬਾਨ ਜਾਪਦੀ ਹੈ। ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਸ ਲਈ ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਪੈਰੋਲ ਅਰਜ਼ੀ 'ਤੇ ਕਾਗ਼ਜ਼ੀ ਕਾਰਵਾਈ 'ਓਕੇ' ਕਰ ਦਿੱਤੀ ਹੈ।


ਇਸ ਬਾਰੇ ਗੱਲਬਾਤ ਕਰਦਿਆਂ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਜੇਲ੍ਹ ਵਿੱਚ ਬਾਬਾ ਦਾ ਰਹਿਣ-ਸਹਿਣ ਚੰਗਾ ਹੈ ਤੇ ਇਹ ਰਿਪੋਰਟ ਐਸਪੀ ਜੇਲ੍ਹਾਂ ਨੇ ਦਿੱਤੀ ਹੈ। ਬੇਸ਼ੱਕ ਪੰਵਾਰ ਜੇਲ੍ਹ ਮੰਤਰੀ ਹਨ ਪਰ ਰਾਮ ਰਹੀਮ ਦੀ ਪੈਰੋਲ ਅਰਜ਼ੀ 'ਤੇ ਆਖ਼ਰੀ ਫੈਸਲਾ ਕਮਿਸ਼ਨਰ 'ਤੇ ਸੁੱਟ ਦਿੱਤਾ। ਉਨ੍ਹਾਂ ਤੋਂ ਜਦ ਰਾਮ ਰਹੀਮ ਦੇ ਬਾਹਰ ਆਉਣ ਤੋਂ ਹਾਲਾਤ ਗੜਬੜਾਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਪੰਵਾਰ ਨੇ ਕਿਹਾ ਕਿ ਉਨ੍ਹਾਂ ਦਾ ਜੋ ਕੰਮ ਸੀ, ਉਨ੍ਹਾਂ ਕਰ ਦਿੱਤਾ, ਬਾਕੀ ਜ਼ਿੰਮੇਵਾਰੀ ਹੁਣ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਹੈ।

ਹਾਲਾਂਕਿ ਇਸ ਦੌਰਾਨ ਸਿਰਸਾ ਦੇ ਡੀਐਸਪੀ ਤੇ ਐਸਆਈਟੀ ਮੈਂਬਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਮਾਲੀਆ ਵਿਭਾਗ ਤੋਂ ਰਾਮ ਰਹੀਮ ਦੀ ਖੇਤੀਯੋਗ ਜ਼ਮੀਨ ਦੇ ਵੇਰਵੇ ਮੰਗੇ ਹਨ, ਜਿਸ ਮਗਰੋਂ ਅੰਤਮ ਫੈਸਲਾ ਲਿਆ ਜਾਵੇਗਾ। ਉੱਧਰ, ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਨੇ ਪਿਤਾ ਦੇ ਕਾਤਲ ਰਾਮ ਰਹੀਮ ਨੂੰ ਪੈਰੋਲ 'ਤੇ ਰਿਹਾਈ ਦੇਣ ਦਾ ਵਿਰੋਧ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਦੰਗੇ ਫੈਲਣ ਦਾ ਖ਼ਤਰਾ ਹੈ।

ਜ਼ਿਕਰਯੋਗ ਹੈ ਕਿ ਬੀਤੀ 18 ਜੂਨ ਨੂੰ ਰੋਹਤਕ ਦੇ ਜੇਲ੍ਹ ਪ੍ਰਸ਼ਾਸਨ ਨੇ ਰਾਮ ਰਹੀਮ ਦੀ ਪੈਰੋਲ 'ਤੇ ਰਿਹਾਈ ਬਾਰੇ ਉੱਚ ਅਧਿਕਾਰੀਆਂ ਤੋਂ ਵਿਚਾਰ ਮੰਗੇ ਸਨ। ਅਗਲੇ ਸਾਲ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵੀ ਹੋਣ ਵਾਲੀਆਂ ਹਨ ਤੇ ਇਸ ਦੌਰਾਨ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਦੇ ਜੇਲ੍ਹ ਅਧਿਕਾਰੀ ਉਸ ਨੂੰ ਅਤਿ ਗੰਭੀਰ ਮੁਜਰਮ (ਹਾਰਡ ਕੋਰ ਅਪਰਾਧੀ) ਨਹੀਂ ਮੰਨ ਰਹੇ। ਹੁਣ ਦੇਖਣਾ ਹੋਵੇਗਾ ਕਿ ਕੀ ਹਰਿਆਣਾ ਸਰਕਾਰ ਰਾਮ ਰਹੀਮ ਨੂੰ ਅਕਤੂਬਰ 2017 ਤੋਂ ਜੇਲ੍ਹ ਵਿੱਚ ਕੈਦ ਰਾਮ ਰਹੀਮ ਨੂੰ ਬਾਹਰ ਆਉਣ ਦਿੰਦੀ ਹੈ ਜਾਂ ਨਹੀਂ।