ਨਵੀਂ ਦਿੱਲੀ: ਹਾਥਰਸ ਗੈਂਗਰੇਪ ਮਾਮਲੇ 'ਚ ਪੁਲਿਸ ਵੱਲੋਂ ਪੀੜਤ ਲੜਕੀ ਦਾ ਜਬਰੀ ਸਸਕਾਰ ਕਰਨ ਮਗਰੋਂ ਲੋਕਾਂ ਦਾ ਇਸ ਕੇਸ ਨੂੰ ਲੈ ਕੇ ਵਿਰੋਧ ਵਧਣਾ ਸ਼ੁਰੂ ਹੋ ਗਿਆ ਹੈ। ਬੀਤੇ ਕੱਲ੍ਹ ਹਾਥਰਸ ਵੱਲ ਨੂੰ ਕੂਚ ਕਰਦੇ ਕਾਂਗਰਸ ਦੇ ਰਾਹੁਲ ਗਾਂਧੀ ਤੇ ਪ੍ਰਿੰਯਕਾਂ ਗਾਂਧੀ ਨੂੰ ਰਸਤੇ 'ਚ ਹੀ ਰੋਕ ਲਿਆ ਗਿਆ। ਹੁਣ ਇਸ ਮਾਮੇਲ 'ਚ ਪੀੜਤਾ ਦੇ ਭਰਾ ਨੇ 'ਏਬੀਪੀ ਨਿਊਜ਼' ਅੱਗੇ ਆ ਕੇ ਵੱਡਾ ਬਿਆਨ ਦਿੱਤਾ ਹੈ। ਪੀੜਤ ਦੇ ਭਰਾ ਨੇ ਕਿਹਾ ਕਿ ਪੁਲਿਸ ਨੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਨੂੰ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਜਾ ਰਹੀ।

ਪੀੜਤਾ ਦੇ ਭਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਸਭ ਦੇ ਮੋਬਾਈਲ ਫੋਨ ਲੈ ਕੇ ਸਵਿਚ ਔਫ ਕਰ ਦਿੱਤੇ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਕਰੀਬ 200 ਪੁਲਿਸ ਕਰਮੀਆਂ ਨੇ ਪੀੜਤਾ ਦੇ ਘਰ ਨੂੰ ਘੇਰਾ ਪਾਇਆ ਹੈ ਤੇ ਕਿਸੇ ਨੂੰ ਵੀ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਪੀੜਤਾ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਮਾਰਿਆ ਵੀ ਗਿਆ ਹੈ ਤੇ ਸਭ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ। ਪੀੜਤਾ ਦੇ ਭਰਾ ਨੇ ਦੱਸਿਆ ਕਿ ਪੂਰਾ ਪਰਿਵਾਰ ਡਰਿਆ ਹੋਇਆ ਹੈ ਤੇ ਉਹ ਖੇਤਾਂ ਦੇ ਰਸਤੇ ਪੁਲਿਸ ਤੋਂ ਨਜ਼ਰ ਬਚਾ ਕੇ ਆਇਆ ਹੈ।

ABP ਨਿਊਜ਼ ਦੀ ਟੀਮ ਨਾਲ ਯੂਪੀ ਪੁਲਿਸ ਵੱਲੋਂ ਜ਼ਬਰਦਸਤੀ
ਯੂਪੀ ਪੁਲਿਸ ਨੇ ਏਬੀਪੀ ਨਿਊਜ਼ ਦੀ ਟੀਮ ਨਾਲ ਬਦਸਲੂਕੀ ਕੀਤੀ, ਜੋ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਪੀੜਤ ਪਰਿਵਾਰ ਦੇ ਪੱਖ ਦਾ ਪਤਾ ਲਾਉਣ ਗਈ ਸੀ। ਪੁਲਿਸ ਨੇ ਪਹਿਲਾਂ ਏਬੀਪੀ ਨਿਊਜ਼ ਦੀ ਟੀਮ ਨੂੰ ਪਿੰਡ ਜਾਣ ਤੋਂ ਰੋਕਿਆ, ਫਿਰ ਕੈਮਰੇ ਦੀਆਂ ਤਾਰਾਂ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਏਬੀਪੀ ਨਿਊਜ਼ ਦੀ ਰਿਪੋਰਟਰ ਪ੍ਰਤਿਮਾ ਮਿਸ਼ਰਾ ਨੇ ਪੁਲਿਸ ਨੂੰ ਪੁੱਛਿਆ ਕਿ ਕਿਸ ਦੇ ਆਦੇਸ਼ ਉਨ੍ਹਾਂ ਨੂੰ ਰੋਕ ਰਹੇ ਹਨ ਤਾਂ ਪੁਲਿਸ ਨੇ ਉਸ ਨਾਲ ਬਦਸਲੂਕੀ ਕੀਤੀ।

ਦੱਸ ਦੇਈਏ ਕਿ ਬਲਾਤਕਾਰ ਪੀੜਤ ਦੇ ਪੂਰੇ ਪਿੰਡ ਵਿੱਚ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਹਰ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਮੀਡੀਆ ਸਮੇਤ ਕਿਸੇ ਬਾਹਰੀ ਵਿਅਕਤੀ ਨੂੰ ਪਿੰਡ ਦੇ ਅੰਦਰ ਆਉਣ ਦੀ ਆਗਿਆ ਨਹੀਂ ਹੈ।