Hathras Case: ਹਾਥਰਸ ਦੀ ਘਟਨਾ ਨੂੰ ਲੈ ਕੇ ਸਾਰੇ ਦੇਸ਼ ਵਿਚ ਗੁੱਸਾ ਹੈ। ਇਸ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਏਬੀਪੀ ਨਿਊਜ਼ ਦੀ ਟੀਮ ਚੀਤਾ ਸਾੜਨ ਵਾਲੀ ਥਾਂ ਪਹੁੰਚੀ। ਮ੍ਰਿਤਕਾ ਦੀਆਂ ਅਸਥੀਆਂ ਅਜੇ ਤੱਕ ਨਹੀਂ ਚੁਣੀਆਂ ਗਈਆਂ। ਇਸ ਦੇ ਨਾਲ ਹੀ, ਯੂਪੀ ਪੁਲਿਸ ਨੇ ਪੂਰੇ ਪਿੰਡ ਨੂੰ ਘੇਰ ਰੱਖਿਆ ਹੈ ਅਤੇ ਮੀਡੀਆ ਦੇ ਦਾਖਲੇ ਤੇ ਵੀ ਪਾਬੰਦੀ ਹੈ।
ਪਰ ਇੱਥੇ ਸਵਾਲ ਇਹ ਹੈ ਕਿ ਕੀ ਇੱਕ ਪਰਿਵਾਰ ਨੂੰ ਆਪਣੀ ਧੀ ਦੀਆਂ ਅਸਥੀਆਂ ਚੁਣਨ ਦਾ ਵੀ ਹੱਕ ਨਹੀਂ ਹੈ।ਸਵਾਲ ਇਹ ਵੀ ਹੈ ਕਿ ਆਖਰ ਪੁਲਿਸ ਕੀ ਲੁੱਕਾ ਰਹੀ ਹੈ। ਪੁਲਿਸ ਮੀਡੀਆ ਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਹੀ।ਪੀੜਤਾ ਦੇ ਭਰਾ ਨੇ ਏਬੀਪੀ ਨਿਊਜ਼ ਅੱਗੇ ਆ ਕੇ ਵੱਡਾ ਬਿਆਨ ਦਿੱਤਾ ਹੈ।ਪੀੜਤ ਦੇ ਭਰਾ ਨੇ ਕਿਹਾ ਕਿ ਪੁਲਿਸ ਨੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਨੂੰ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਜਾ ਰਹੀ।
ਪੀੜਤਾ ਦੇ ਭਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਸਭ ਦੇ ਮੋਬਾਇਲ ਫੋਨ ਲੈ ਕੇ ਸਵਿਚ ਔਫ ਕਰ ਦਿੱਤੇ ਗਏ ਹਨ।ਜਾਣਕਾਰੀ ਮੁਤਾਬਿਕ ਕਰੀਬ 200 ਪੁਲਿਸ ਕਰਮੀਆਂ ਨੇ ਪੀੜਤਾ ਦੇ ਘਰ ਨੂੰ ਘੇਰਾ ਪਾਇਆ ਹੈ ਅਤੇ ਕੀਸੇ ਨੂੰ ਵੀ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਪੀੜਤਾ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਮਾਰਿਆ ਵੀ ਗਿਆ ਹੈ ਅਤੇ ਸਭ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ।ਪੀੜਤਾ ਦੇ ਭਰਾ ਨੇ ਦੱਸਿਆ ਕਿ ਪੂਰਾ ਪਰਿਵਾਰ ਡਰਿਆ ਹੋਇਆ ਹੈ
ਪੂਰਾ ਮਾਮਲਾ ਕੀ ਸੀ
ਦੱਸ ਦੇਈਏ ਕਿ ਰਾਜ ਦੇ ਹਾਥਰਸ ਜ਼ਿਲੇ ਵਿੱਚ 19 ਸਾਲਾ ਇਕ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਸੁਪਰਡੈਂਟ ਵਿਕਰਾਂਤ ਵੀਰ ਅਨੁਸਾਰ 14 ਸਤੰਬਰ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਪੀੜਤ ਲੜਕੀ ਨੇ ਬਿਆਨ ਵਿੱਚ ਕਿਹਾ, ਉਸ ਨਾਲ ਬਲਾਤਕਾਰ ਹੋਇਆ
ਘਟਨਾ ਚਾਂਦਪਾ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ। ਪਿੰਡ ਦੇ ਚਾਰ ਨੌਜਵਾਨਾਂ ਨੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤ ਲੜਕੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਲਾਤਕਾਰ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ।
ਪੀੜਤ ਲੜਕੀ ਦਾ ਅਲੀਗੜ੍ਹ ਦੇ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਹਾਲਾਂਕਿ, ਪੀੜਤ ਦੀ ਹਾਲਤ ਨਿਰੰਤਰ ਵਿਗੜਦੀ ਜਾ ਰਹੀ ਸੀ। ਇਸ ਲਈ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ। ਮੁਲਜ਼ਮਾਂ ਨੇ ਲੜਕੀ ਦੇ ਰੀੜ੍ਹ ਦੀ ਹੱਡੀ ਅਤੇ ਗਲ਼ੇ ਤੇ ਗੰਭੀਰ ਸੱਟਾਂ ਮਾਰੀਆਂ। ਪੀੜਤ ਦੀ ਜ਼ਬਾਨ ਵੀ ਕੱਟ ਦਿੱਤੀ ਗਈ ਸੀ, ਉਦੋਂ ਤੋਂ ਪੀੜਤ ਵੈਂਟੀਲੇਟਰ 'ਤੇ ਸੀ।ਜਿਸ ਤੋਂ ਬਾਅਦ ਮੰਗਲਵਾਰ 29 ਸਤੰਬਰ ਨੂੰ ਲੜਕੀ ਦੀ ਮੌਤ ਹੋ ਗਈ।
ਪੀੜਤ ਲੜਕੀ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੜਕੀ ਦੀ ਰੀੜ੍ਹ ਦੀ ਹੱਡੀ 'ਤੇ ਵੀ ਸੱਟਾਂ ਲੱਗੀਆਂ ਸੀ ਅਤੇ ਉਸ ਦੇ ਪ੍ਰਾਈਵੇਟ ਅੰਗਾਂ ਨੂੰ ਵੀ ਨੁਕਸਾਨਿਆ ਗਿਆ ਸੀ, ਪਰ ਉਸ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਲੜਕੀ ਨਾਲ ਬਲਾਤਕਾਰ ਨਹੀਂ ਕੀਤਾ ਗਿਆ।
ਉੱਤਰ ਪ੍ਰਦੇਸ਼ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਦਾ ਦਾਅਵਾ ਹੈ ਕਿ ਪੀੜਤ ਦੇ ਸਰੀਰ ਵਿੱਚ ਕੋਈ ਸ਼ੁਕਰਾਣੂ ਨਹੀਂ ਮਿਲਿਆ ਹੈ ਅਤੇ ਇਸ ਲਈ ਬਲਾਤਕਾਰ ਦੀ ਪੁਸ਼ਟੀ ਨਹੀਂ ਹੋ ਸਕਦੀ। ਇਸ ਦੇ ਅਧਾਰ 'ਤੇ ਉਨ੍ਹਾਂ ਕਿਹਾ ਕਿ ਫੋਰੈਂਸਿਕ ਰਿਪੋਰਟ ਸਾਬਤ ਕਰਦੀ ਹੈ ਕਿ ਪੀੜਤਾ ਨਾਲ ਬਲਾਤਕਾਰ ਨਹੀਂ ਹੋਇਆ ਸੀ।