ਨਵੀਂ ਦਿੱਲੀ: ਕੋਰੋਨਾ ਰਫਤਾਰ ਬੇਕਾਬੂ ਹੋਣ ਦਰਮਿਆਨ ਦੇਸ਼ ਲਈ ਇਕ ਰਾਹਤ ਭਰੀ ਖ਼ਬਰ ਹੈ। ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਪਿਛਲੇ ਦੋ ਦਿਨਾਂ ਦੌਰਾਨ ਕਮੀ ਦੇਖਣ ਨੂੰ ਮਿਲੀ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨਿਯਮਿਤ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਕਿ ਨਾਈਟ ਕਰਫਿਊ ਤੇ ਲੌਕਡਾਊਨ ਦੇ ਚੱਲਦਿਆਂ ਕੇਸਾਂ 'ਚ ਗਿਰਾਵਟ ਆਈ ਹੈ। ਹਾਲਾਂਕਿ ਉਨ੍ਹਾਂ ਦੱਸਿਆ ਕਿ ਅਜੇ ਵੀ 26 ਸੂਬਿਆਂ 'ਚ ਪੌਜ਼ਿਟੀਵਿਟੀ ਰੇਟ 15 ਫੀਸਦ ਤੋਂ ਜ਼ਿਆਦਾ ਬਣਿਆ ਹੋਇਆ ਹੈ।
13 ਸੂਬਿਆਂ 'ਚ ਇਕ ਲੱਖ ਤੋਂ ਜ਼ਿਆਦਾ ਐਕਟਿਵ ਕੇਸ
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ 'ਚ 13 ਸੂਬੇ ਅਜਿਹੇ ਹਨ ਜਿੱਥੇ ਇਕ ਲੱਖ ਤੋਂ ਵੀ ਜ਼ਿਆਦਾ ਐਕਟਿਵ ਮਾਮਲੇ ਹਨ। ਛੇ ਸੂਬਿਆਂ 'ਚ 50,000 ਤੋਂ ਇਕ ਲੱਖ ਦੇ ਵਿਚ ਐਕਟਿਵ ਮਾਮਲੇ ਹਨ। ਜਦਕਿ 17 ਸੂਬੇ ਅਜਿਹੇ ਹਨ ਜਿੱਥੇ 50,000 ਤੋਂ ਘੱਟ ਐਕਟਿਵ ਮਾਮਲਿਆਂ ਦੀ ਸੰਖਿਆ ਹੈ। ਭਾਰਤ 'ਚ 82.75 ਫੀਸਦ ਮਰੀਜ਼ ਠੀਕ ਹੋਏ ਹਨ। ਜਦਕਿ 1.09 ਫੀਸਦ ਦੀ ਮੌਤ ਹੋਈ ਹੈ।
ਕਈ ਸੂਬਿਆਂ 'ਚ ਘੱਟ ਰਹੇ ਕੇਸ
ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਈ ਸੂਬਿਆਂ 'ਚ ਹੁਣ ਕੋਵਿਡ 19 ਦੇ ਕੇਸ ਪਹਿਲਾਂ ਦੇ ਮੁਕਾਬਲੇ ਘੱਟ ਹੋਣ ਲੱਗੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਛੱਤੀਸਗੜ੍ਹ, ਬਿਹਾਰ ਤੇ ਗੁਜਰਾਤ 'ਚ ਵੀ ਪ੍ਰਤੀਦਿਨ ਨਵੇਂ Covid-19 ਮਾਮਲਿਆਂ 'ਚ ਨਿਰੰਤਰ ਕਮੀ ਆ ਰਹੀ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਉੱਤਰਾਖੰਡ, ਝਾਰਖੰਡ, ਤੇਲੰਗਾਨਾ, ਚੰਡੀਗੜ੍ਹ, ਲੱਦਾਖ, ਦਮਨ ਤੇ ਦੀਵ ਲਕਸ਼ਦੀਪ ਤੇ ਅੰਡੇਮਾਨ ਤੇ ਨਿਕੋਬਾਰ 'ਚ ਪ੍ਰਤੀਦਿਨ ਨਵੇਂ ਕੋਰੋਨਾ ਮਾਮਲਿਆਂ 'ਚ ਨਿਰੰਤਰ ਕਮੀ ਆ ਰਹੀ ਹੈ।
ਕਈ ਸੂਬਿਆਂ 'ਚ ਵਧ ਰਹੇ ਕੇਸ
ਹਾਲਾਂਕਿ ਕਈ ਸੂਬਿਆਂ 'ਚ ਅਜੇ ਵੀ ਕੋਰੋਨਾ ਦਾ ਗ੍ਰਾਫ ਲਗਾਤਾਰ ਉੱਪਰ ਵੱਲ ਜਾ ਰਿਹਾ ਹੈ। ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਉੜੀਸਾ, ਪੰਜਾਬ, ਅਸਮ, ਜੰਮੂ ਤੇ ਕਸ਼ਮੀਰ, ਗੋਆ, ਹਿਮਾਚਲ ਪ੍ਰਦੇਸ਼, ਪੁੱਦੂਚੇਰੀ, ਮਣੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ ਤੇ ਅਰੁਣਾਂਚਲ ਪ੍ਰਦੇਸ਼ ਚ ਪ੍ਰਤੀਦਿਨ ਨਵੇਂ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।
ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ 'ਚ ਕੋਰੋਨਾ ਇਫੈਕਸ਼ਨ ਦੇ ਤਿੰਨ ਲੱਖ, 29 ਹਜ਼ਾਰ, 942 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ ਬੀਤੇ 24 ਘੰਟੇ 'ਚ ਕੋਰੋਨਾ ਇਨਫੈਕਸ਼ਨ ਨਾਲ 3,876 ਮਰੀਜ਼ਾਂ ਦੀ ਮੌਤ ਹੋਈ ਹੈ। ਅੰਕੜਿਆਂ ਤੇ ਗੌਰ ਕਰੀਏ ਤਾਂ ਹੁਣ ਤਕ ਦੋ ਲੱਖ, 49 ਹਜ਼ਾਰ, 992 ਲੋਕਾਂ ਨੇ ਕੋਰੋਨਾ ਇਨਫੈਕਟਡ ਹੋਣ ਤੋਂ ਬਾਅਦ ਦਮ ਤੋੜ ਦਿੱਤਾ ਹੈ। ਬੀਤੇ 24 ਘੰਟਿਆਂ 'ਚ ਤਿੰਨ ਲੱਖ, 56 ਹਜ਼ਾਰ, 82 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਤਕ ਦੇਸ਼ 'ਚ ਕੁੱਲ ਇਕ ਕਰੋੜ, 90 ਲੱਖ, 27 ਹਜ਼ਾਰ, 304 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।