ਨਵੀਂ ਦਿੱਲੀ: ਸੁਪਰੀਮ ਕੋਰਟ ‘ਚ ਧਾਰਾ 370 ਖ਼ਤਮ ਹੋਣ ਵਿਰੁੱਧ ਪਾਈਆਂ ਗਈਆਂ ਪਟੀਸ਼ਨਾਂ ‘ਤੇ 16 ਅਗਸਤ ਨੂੰ ਸੁਣਵਾਈ ਕੀਤੀ ਗਈ। ਇਸ ‘ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗਗੋਈ ਨੇ ਧਾਰਾ 370 ਨੂੰ ਚੁਣੌਤੀ ਦੇਣ ਵਾਲੇ ਸ਼ਿਕਾਇਤਕਰਤਾਵਾਂ ਨੂੰ ਫਟਕਾਰ ਲਾਈ। ਉਨ੍ਹਾਂ ਨੇ ਗਲਤ ਫਾਰਮੈਟ ‘ਚ ਸ਼ਿਕਾਇਤ ਦੇਣ ਵਾਲੇ ਵਕੀਲ ਐਮਐਲ ਸ਼ਰਮਾ ਨੂੰ ਕਿਹਾ, “ਤੁਸੀਂ ਇੰਨੇ ਗੰਭੀਰ ਮਸਲੇ ‘ਤੇ ਡਿਫੈਕਟਿਵ ਅਰਜ਼ੀ ਕਿਉਂ ਦਾਖਲ ਕੀਤੀ? ਕੁਲ ਛੇ ਪਟੀਸ਼ਨਾਂ ਦਾਖਲ ਹੋਈਆਂ, ਸਭ ਡਿਫੈਕਟਿਵ ਹਨ। ਅਸੀਂ ਅਯੋਧਿਆ ਸੁਣਵਾਈ ਰੋਕ ਕੇ ਬੈਠੇ ਹਾਂ। ਅੱਗੇ ਦੀ ਸੁਣਵਾਈ ‘ਤੇ ਬਾਅਦ ‘ਚ ਆਦੇਸ਼ ਜਾਰੀ ਕਰਾਂਗੇ।”


ਸ਼ਰਮਾ ਨੇ ਸੱਟ ਲੱਗਣ ਕਾਰਨ ਕਮਜ਼ੋਰ ਪਟੀਸ਼ਨ ਦਾ ਹਵਾਲਾ ਦਿੱਤਾ। ਇਸ ‘ਤੇ ਕੋਰਟ ਨੇ ਕਿਹਾ ਕਿ ਤੁਸੀਂ ਜ਼ਖ਼ਮੀ ਹੋ ਤਾਂ ਰਹਿਣ ਦਿਓ। ਇੱਕ ਹੋਰ ਵਕੀਲ ਨੇ ਕਿਹਾ ਕਿ ਅਜਿਹੇ ਲੋਕ ਗੰਭੀਰ ਮਸਲੇ ਦਾ ਨੁਕਸਾਨ ਕਰਦੇ ਹਨ। ਕੋਰਟ ਇਨ੍ਹਾਂ ਦੀ ਨਾ ਸੁਣੇ।

ਕਸ਼ਮੀਰ ਟਾਈਮਜ਼ ਦੇ ਸੰਪਾਦਕ ਦੀ ਪਟੀਸ਼ਨ ‘ਤੇ ਸੀਜੇਆਈ ਨੇ ਕਿਹਾ ਕਿ ਮੈਂ ਅਖ਼ਬਾਰ ‘ਚ ਪੜ੍ਹਿਆ ਹੈ ਕਿ ਕਸ਼ਮੀਰ ‘ਚ ਟੈਲੀਫੋਨ ਸੇਵਾ ਬਹਾਲ ਹੋਣ ਲੱਗੀ ਹੈ। ਇਸ ‘ਤੇ ਵਕੀਲ ਨੇ ਕਿਹਾ ਕਿ ਮੀਡੀਆ ਪਾਸ ਵਾਲੇ ਪੱਤਰਕਾਰਾਂ ਨੂੰ ਰੋਕਿਆ ਨਾ ਜਾਵੇ, ਉਨ੍ਹਾਂ ਨੂੰ ਕੰਮ ਕਰਨ ਦਿੱਤਾ ਜਾਵੇ। ਸਿਰਫ ਸੀਨੀਅਰ ਅਧਿਕਾਰੀਆਂ ਦੇ ਫੋਨ ਚੱਲ ਰਹੇ ਹਨ। ਆਟਾਰਨੀ ਜਨਰਲ ਨੇ ਕਿਹਾ ਕਸ਼ਮੀਰ ਟਾਈਮਜ਼ ਜੰਮੂ ਤੋਂ ਛਪ ਰਿਹਾ ਹੈ, ਸ੍ਰੀਨਗਰ ਤੋਂ ਨਹੀਂ ਕਿਉਂ? ਦੂਜੇ ਅਖ਼ਬਾਰ ਵੀ ਤਾਂ ਛਪ ਰਹੇ ਹਨ। ਇਹ ਮਾਮਲੇ ਨੂੰ ਦੂਜਾ ਰੂਪ ਦੇਣਾ ਚਾਹੁੰਦੇ ਹਨ। ਸਾਲਿਸਟਰ ਜਨਰਲ ਨੇ ਕਿਹਾ ਕਿ ਰੋਜ਼ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ।

ਇਸ ਦੇ ਨਾਲ ਕੋਰਟ ਨੇ ਸ਼ਰਮਾ ਨੂੰ ਪਟੀਸ਼ਨ ਸੁਧਾਰਨ ਲਈ ਕਿਹਾ ਹੈ, ਜਦਕਿ ਕਸ਼ਮੀਰ ਟਾਈਮਜ਼ ਦੀ ਅਰਜ਼ੀ ‘ਤੇ ਫਿਲਹਾਲ ਕੋਈ ਆਦੇਸ਼ ਜਾਰੀ ਨਹੀਂ ਕੀਤਾ। ਇਸ ਤੋਂ ਪਹਿਲਾਂ ਕੋਰਟ ਨੇ ਸ਼ਰਮਾ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਅੱਧਾ ਘੰਟਾ ਪਟੀਸ਼ਨ ਪੜ੍ਹਨ ਤੋਂ ਬਾਅਦ ਵੀ ਸਮਝ ਨਹੀਂ ਆਇਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਅਰ਼ੀ ਵਾਪਸ ਲਓ।

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ ਜੰਮੂ-ਕਸ਼ਮੀਰ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਕਿਹਾ ਕਿ ਸੂਬੇ ‘ਚ ਦਿਨ--ਦਿਨ ਹਾਲਾਤ ਆਮ ਹੋ ਰਹੇ ਹਨ। ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ। ਉਧਰ ਕੋਰਟ ਨੇ ਵਕੀਲਾਂ ਨੂੰ ਪਟੀਸ਼ਨਾਂ ਦੀਆਂ ਖਾਮੀਆਂ ਦੂਰ ਕਰਨ ਲਈ ਕਹਿ ਸੁਣਵਾਈ ਟਾਲ ਦਿੱਤੀ ਹੈ।