Heatwave in seven states: ਦੇਸ਼ ਦੇ ਸੱਤ ਰਾਜ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਲੂ ਨਾਲ ਮੌਤਾਂ ਦੇ ਖਤਰੇ ਨੂੰ ਵੇਖਦਿਆਂ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਗਰਮੀ ਨਾਲ ਸਬੰਧਤ ਬਿਮਾਰੀਆਂ ਦੇ ਪ੍ਰਬੰਧਨ ਲਈ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਕੀਤੀ।


ਕੇਂਦਰੀ ਸਿਹਤ ਮਾਂਡਵੀਆ ਨੇ ਕਿਹਾ ਹੈ ਕਿ ਪ੍ਰਭਾਵੀ ਆਫ਼ਤ ਪ੍ਰਤੀਕਿਰਿਆ ਤੇ ਪ੍ਰਬੰਧਨ ਇੱਕ ਸਹਿਯੋਗੀ ਕਾਰਜ ਹੈ ਤੇ ਕੇਂਦਰ ਤੇ ਰਾਜਾਂ ਦੇ ਤਾਲਮੇਲ ਨਾਲ ਕਾਰਵਾਈ ਕਰਕੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਲੂ ਨਾਲ ਕੋਈ ਮੌਤ ਨਾ ਹੋਵੇ। ਇਸ ਦੌਰਾਨ ਉਨ੍ਹਾਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਸੱਤ ਰਾਜਾਂ- ਯੂਪੀ, ਬਿਹਾਰ, ਉੜੀਸਾ, ਝਾਰਖੰਡ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ਦੇ ਸਿਹਤ ਮੰਤਰੀਆਂ, ਆਫ਼ਤ ਪ੍ਰਬੰਧਨ ਮੰਤਰੀਆਂ ਤੇ ਪ੍ਰਮੁੱਖ ਸਕੱਤਰਾਂ/ਵਧੀਕ ਮੁੱਖ ਸਕੱਤਰਾਂ ਤੇ ਸੂਚਨਾ ਕਮਿਸ਼ਨਰਾਂ ਨਾਲ ਡਿਜੀਟਲ ਰੂਪ ਵਿਚ ਚਰਚਾ ਕੀਤੀ।


ਮਾਂਡਵੀਆ ਨੇ ਕਿਹਾ, ‘ਚੱਕਰਵਾਤ ਬਿਪਰਜੌਏ ਲਈ ਹਾਲ ਹੀ ਵਿਚ ਕੀਤੀਆਂ ਤਿਆਰੀਆਂ ਤੇ ਖੋਜੇ ਹੱਲਾਂ ਦੌਰਾਨ ਭਾਰਤ ਨੇ ਪ੍ਰਦਰਸ਼ਿਤ ਕੀਤਾ ਹੈ ਕਿ ਕੇਂਦਰ ਤੇ ਰਾਜਾਂ ਵਿਚਾਲੇ ਸਮੇਂ ਉਤੇ ਤੇ ਪ੍ਰਭਾਵੀ ਤਾਲਮੇਲ ਆਸ ਮੁਤਾਬਕ ਨਤੀਜੇ ਲਿਆ ਸਕਦਾ ਹੈ।’ ਉਨ੍ਹਾਂ ਕਿਹਾ ਕਿ ਰਾਜਾਂ ਵੱਲੋਂ ਵਿਚਾਰਾਂ, ਮੁਹਾਰਤ ਤੇ ਸਭ ਤੋਂ ਵਧੀਆ ਹੱਲ ਸਾਂਝੇ ਕੀਤੇ ਜਾਣ ਨਾਲ ਗਰਮੀ ਨਾਲ ਸਬੰਧਤ ਬੀਮਾਰੀਆਂ ਉਤੇ ਅਸਰਦਾਰ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਰਾਜਾਂ ਦੇ ਲੋਕਾਂ ਨੂੰ ਸਮੇਂ ’ਤੇ ਚਿਤਾਵਨੀ ਦੇ ਨਾਲ ਜ਼ਮੀਨੀ ਪੱਧਰ ਉਤੇ ਰਾਸ਼ਟਰੀ ਕਾਰਜ ਯੋਜਨਾ ਦੇ ਅਧਾਰ ਉਤੇ ਰਾਜ ਕਾਰਜ ਯੋਜਨਾ ਨੂੰ ਲਾਗੂ ਕਰਨ ਤੇ ਲੂ ਦੇ ਗੰਭੀਰ ਪ੍ਰਭਾਵ ਨੂੰ ਘਟਾਉਣ ਲਈ ਤਿਆਰੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ।


ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਰਾਜਾਂ ਨੂੰ ਵੀ ਸਲਾਹ ਦਿੱਤੀ ਜਿਨ੍ਹਾਂ ਅਜੇ ਤੱਕ ਕੋਈ ਕਾਰਜ ਯੋਜਨਾ ਤਿਆਰ ਨਹੀਂ ਕੀਤੀ ਹੈ ਤਾਂ ਕਿ ਕਾਰਵਾਈ ਦਾ ਤੁਰੰਤ ਵੇਰਵਾ ਦਿੱਤਾ ਜਾ ਸਕੇ ਤੇ ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਮਾਂਡਵੀਆ ਨੇ ਕਿਹਾ ਕਿ ਮੌਸਮ ਵਿਗਿਆਨ ਵਿਭਾਗ ਤੋਂ ਮਿਲਦੀ ਗਰਮੀ ਦੀ ਚਿਤਾਵਨੀ ਤੇ ਅਗਾਊਂ ਅਨੁਮਾਨ ਨੂੰ ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਰੂਪ ਵਿਚ ਸਾਰੇ ਰਾਜਾਂ ਨਾਲ ਸਾਂਝਾ ਕਰਦਾ ਹੈ।


ਇਹ ਵੀ ਪੜ੍ਹੋ: ਔਰਤ ਵੱਲੋਂ ਦਿੱਤੀ 'Love Bite' ਨੇ ਮੁੰਡੇ ਦੀ ਲਈ ਜਾਨ....ਜਾਣੋ ਅਜਿਹਾ ਕਿਉਂ ਹੋਇਆ?


ਉਨ੍ਹਾਂ ਸੂਬਿਆਂ ਨੂੰ ਰਾਜਾਂ ਦੇ ਅਧਿਕਾਰੀਆਂ, ਸਿਹਤ ਅਧਿਕਾਰੀਆਂ ਤੇ ਸਿਹਤ ਕਰਮੀਆਂ ਲਈ ਗਰਮੀ ਤੇ ਸਿਹਤ ਉਤੇ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ, ਸਿਹਤ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪੌਲ ਤੇ ਹੋਰ ਹਾਜ਼ਰ ਸਨ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਮੰਤਰੀ ਵੀ ਇਸ ਮੌਕੇ ਹਾਜ਼ਰ ਸਨ।


ਇਹ ਵੀ ਪੜ੍ਹੋ: Health Tips: ਪਿੱਪਲ ਦੇ ਪੱਤੇ ਗੰਭੀਰ ਬੀਮਾਰੀਆਂ ਲਈ ਹੈ ਰਾਮਬਾਣ, ਬੱਸ ਇਸ ਤਰ੍ਹਾਂ ਵਰਤ ਕੇ ਵੇਖੋ