ਚੰਡੀਗੜ੍ਹ: ਹਿਮਾਚਲ ਵਿੱਚ ਬਰਫਬਾਰੀ ਦਾ ਦੌਰ ਐਤਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਪ੍ਰਦੇਸ਼ ਦੇ ਉੱਚਾਈ ਵਾਲੇ ਖੇਤਰ ਜਿਵੇਂ ਕੁੱਲੂ, ਚੰਬਾ, ਕਿਨੌਰ ਤੇ ਲਾਹੌਲ ਸਪਿਤੀ ਵਿੱਚ ਬਰਫਬਾਰੀ ਜਾਰੀ ਹੈ। ਚੰਬਾ ਜ਼ਿਲ੍ਹੇ ਵਿੱਚ ਪਾਂਗੀ ਘਾਟੀ ਖੇਤਰ ਭਾਰੀ ਬਰਫਬਾਰੀ ਨਾਲ ਦੁਨੀਆ ਤੋਂ ਕੱਟ ਗਿਆ ਹੈ। ਕਾਂਗੜਾ ਦਾ ਵੱਡਾ ਭੰਗਾਲ ਖੇਤਰ ਵੀ ਕੱਟ ਗਿਆ ਹੈ।

ਧਰਮਸ਼ਾਲਾ ਦੇ ਧੌਲਾਧਾਰ ਵਿੱਚ ਪਹਾੜ ਬਰਫ ਨਾਲ ਢੱਕ ਗਿਆ ਹੈ। ਮੰਡੀ ਜ਼ਿਲ੍ਹੇ ਦੇ ਸ਼ਿਕਾਰੀ ਦੇਵੀ ਸਮੇਤ ਕਮਰੂਘਾਟੀ ਵਿੱਚ ਹਲਕੀ ਬਰਫਬਾਰੀ ਹੋਈ ਹੈ। ਬਰਫਬਾਰੀ ਨਾਲ ਹਿਮਾਚਲ ਵਿੱਚ ਸ਼ੀਤ ਲਹਿਰ ਤੇਜ਼ ਹੋ ਗਈ ਹੈ। ਉੱਥੇ ਹੀ ਵਾਦੀਆਂ ਵਿੱਚ ਬਰਫਬਾਰੀ ਨਾਲ ਸੈਲਾਨੀਆਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਹੈ। ਸੋਮਵਾਰ ਤੋਂ ਸੋਲਾਗਨਾਲਾ ਵਿੱਚ ਪੰਜ ਸੌ ਤੋਂ ਜ਼ਿਆਦਾ ਸੈਲਾਨੀ ਵਾਹਨਾਂ ਨੇ ਦਸਤਕ ਦਿੱਤੀ। ਸੋਲਾਂਗ ਮੈਦਾਨ ਸਮੇਤ ਫਾਤਰੂ ਦੀਆਂ ਵਾਦੀਆਂ ਵਿੱਚ ਦਸਤਕ ਦਿੱਤੀ ਤੇ ਆਸਮਾਨ ਤੋਂ ਡਿੱਗ ਰਹੀ ਬਰਫ ਨਾਲ ਮਸਤੀ ਕੀਤੀ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ 14 ਦਸੰਬਰ ਤੱਕ ਸੂਬੇ ਵਿੱਚ ਬਾਰਸ਼ ਤੇ ਬਰਫਬਾਰੀ ਦਾ ਦੌਰ ਜਾਰੀ ਰਹੇਗਾ। 15 ਤੋਂ 17 ਦਸੰਬਰ ਤੱਕ ਮੌਸਮ ਖੁਸ਼ਕ ਬਣਿਆ ਰਹੇਗਾ ਤੇ ਫਿਰ ਧੁੱਪ ਖਿੜ੍ਹੀ ਰਹੇਗੀ। ਪਹਾੜਾਂ ਵਿੱਚ ਬਰਫਵਾਰੀ ਹੋਣ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਸੋਮਵਾਰ ਨੂੰ ਕਾਲਪਾ ਦਾ ਤਾਪਮਾਨ ਜ਼ੀਰੋ ਡਿਗਰੀ ਰਿਹਾ।