ਚੰਡੀਗੜ੍ਹ: ਪਿਛਲੇ 36 ਘੰਟਿਆਂ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਸ਼ ਨੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਬਾਹੀ ਮਚਾ ਦਿੱਤੀ। ਸੜਕਾਂ ਤੇ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ। ਬਾਰਸ਼ ਕਾਰਨ ਜ਼ਮੀਨ ਖਿਸਕਣ ਤੇ ਸੜਕ ਸੰਪਰਕ ਟੁੱਟਣ ਕਾਰਨ ਸੈਂਕੜੇ ਯਾਤਰੀ ਫਸੇ ਰਹੇ। ਵੱਖ-ਵੱਖ ਥਾਈਂ 10 ਲੋਕਾਂ ਦੀ ਮੌਤ ਹੋਈ ਹੈ। ਵਾਹਨ ਵੀ ਪਾਣੀ ਵਿੱਚ ਰੁੜ ਗਏ। ਕੁੱਲੂ ਕਸਬੇ ਨੇੜੇ ਇੱਕ ਪੁਲ ਵੀ ਪਾਣੀ ਵਿੱਚ ਡੁੱਬ ਗਿਆ।


ਸ਼ਿਮਲਾ ਵਿੱਚ ਐਤਵਾਰ ਸਵੇਰੇ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਨਾਲ ਮਜ਼ਦੂਰ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਕੰਧ ਦਾ ਮਲਬਾ ਇੱਕ ਕਮਰੇ ਵਿੱਚ ਸੌਂ ਰਹੇ ਮਜ਼ਦੂਰਾਂ ਉੱਤੇ ਡਿੱਗ ਗਿਆ। ਜ਼ਖਮੀਆਂ ਨੂੰ ਤੁਰੰਤ IGMC ਲਿਜਾਇਆ ਗਿਆ ਜਿੱਥੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਇੱਕ ਹੋਰ ਘਟਨਾ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ 'ਤੇ ਦਰੱਖਤ ਡਿੱਗ ਪਿਆ ਜਿਸ ਨਾਲ ਇਮਾਰਤ ਦੇ ਇਕ ਹਿੱਸੇ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਸ਼ਿਮਲਾ ਦੇ ਆਰਟੀਓ ਨੇੜੇ ਸੜਕ 'ਤੇ ਜ਼ਮੀਨ ਖਿਸਕਣ ਤੋਂ ਬਾਅਦ ਫਸੇ 3 ਵਿਅਕਤੀਆਂ ਨੂੰ ਬਚਾਇਆ।


ਸ਼ਨੀਵਾਰ ਸ਼ਾਮ ਨੂੰ ਬਿਆਸ ਨਦੀ ਵਿੱਚ ਪਾਣੀ ਦਾ ਪੱਧਰ ਅਸਧਾਰਨ ਤੌਰ 'ਤੇ ਚੜ੍ਹਨ ਤੋਂ ਬਾਅਦ, ਮੰਡੀ ਤੇ ਕੁੱਲੂ ਦੇ ਵਿਚਕਾਰ ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਪਾਣੀ ਜਮ੍ਹਾ ਹੋ ਗਿਆ ਜਿਸ ਤੋਂ ਬਾਅਦ ਇੱਥੇ ਆਵਾਜਾਈ ਠੱਪ ਰਹੀ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੰਬਾ ਜ਼ਿਲੇ ਵਿੱਚ ਰਾਜ ਭਰ ਦੀਆਂ 68 ਸੜਕਾਂ 'ਤੇ ਆਵਾਜਾਈ ਠੱਲ੍ਹੀ ਗਈ ਤੇ ਵੱਧ ਤੋਂ ਵੱਧ 47 ਥਾਈਂ ਨਾਕਾਬੰਦੀ ਕੀਤੀ ਗਈ। ਮੰਡੀ-ਜੋਗਿੰਦਰਨਗਰ ਹਾਈਵੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।


ਅਧਿਕਾਰੀ ਨੇ ਦੱਸਿਆ ਕਿ ਕਿਨੌਰ ਜ਼ਿਲ੍ਹੇ ਵਿੱਚ ਭਾਰਤ ਦੇ ਸਭ ਤੋਂ ਵੱਡੇ ਹਾਈਡ੍ਰੋ ਪ੍ਰਾਜੈਕਟ ਸਤਲੁਜ ਜਲ ਵਿਦਿਆ ਨਿਗਮ ਲਿਮਟਡ (SJVNL) ਦੇ 1500 ਮੈਗਾਵਾਟ ਦੇ ਨਾਥਪਾ ਝਾਕਰੀ ਪਲਾਂਟ ਤੋਂ ਸਾਵਧਾਨੀ ਦੇ ਤੌਰ 'ਤੇ ਵਾਧੂ ਪਾਣੀ ਬਾਹਰ ਕੱਢਿਆ ਗਿਆ ਜੋ ਸਤਲੁਜ ਵਿੱਚ ਹੜ੍ਹ ਦਾ ਕਾਰਨ ਬਣਿਆ।


ਇਸੇ ਤਰ੍ਹਾਂ ਸਾਵਧਾਨੀ ਦੇ ਤੌਰ 'ਤੇ ਪੋਂਗ ਡੈਮ ਦੇ 112 ਕਿਲੋਮੀਟਰ ਦੇ ਉੱਪਰ ਵਾਲੇ ਪੰਡੋਹ ਮੋੜ ਡੈਮ ਤੋਂ ਵੀ ਵਧੇਰੇ ਪਾਣੀ ਛੱਡਿਆ ਗਿਆ ਹੈ। ਡੈਮ ਵਿਚੋਂ ਇੱਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਪੰਡੋਹ ਡੈਮ ਜ਼ਿਲ੍ਹਾ ਮੰਡੀ ਵਿੱਚ ਬਿਆਸ ਦਰਿਆ 'ਤੇ ਬਣਿਆ ਹੈ।