Heeraben Modi Health Update: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਪੀਐਮ ਮੋਦੀ ਖੁਦ ਅਹਿਮਦਾਬਾਦ ਲਈ ਰਵਾਨਾ ਹੋਏ ਅਤੇ ਹਸਪਤਾਲ ਪਹੁੰਚੇ ਅਤੇ ਮਾਂ ਨਾਲ ਮੁਲਾਕਾਤ ਕੀਤੀ। ਸਖ਼ਤ ਸੁਰੱਖਿਆ ਦੇ ਵਿਚਕਾਰ ਪੀਐਮ ਮੋਦੀ ਨੇ ਹਸਪਤਾਲ ਵਿੱਚ ਆਪਣੀ ਬੀਮਾਰ ਮਾਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਹਾਲਾਂਕਿ ਡਾਕਟਰਾਂ ਦੀ ਟੀਮ ਨੇ ਦੱਸਿਆ ਹੈ ਕਿ ਪੀਐਮ ਮੋਦੀ ਦੀ ਮਾਂ ਹੀਰਾਬੇਨ ਦੀ ਹਾਲਤ ਸਥਿਰ ਹੈ। ਫਿਲਹਾਲ ਉਨ੍ਹਾਂ ਦਾ ਡਾਕਟਰਾਂ ਦੀ ਨਿਗਰਾਨੀ 'ਚ ਇਲਾਜ ਚੱਲ ਰਿਹਾ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ ਸਿਹਤ ਵਿਗੜਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ 'ਯੂਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲਾਜੀ ਐਂਡ ਰਿਸਰਚ ਸੈਂਟਰ' 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਭਰਤੀ ਹੋਣ ਤੋਂ ਕੁਝ ਦੇਰ ਬਾਅਦ ਹੀ ਹਸਪਤਾਲ ਵੱਲੋਂ ਇਕ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ, ਜਿਸ 'ਚ ਦੱਸਿਆ ਗਿਆ ਕਿ ਹੀਰਾਬੇਨ ਮੋਦੀ (100) ਦੀ ਹਾਲਤ ਸਥਿਰ ਹੈ। ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਹਸਪਤਾਲ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਪੀਐਮ ਮੋਦੀ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਦਿੱਲੀ ਵਾਪਸ ਪਰਤ ਰਹੇ ਹਨ।




ਪੀਐਮ ਮੋਦੀ ਦੀ ਮਾਂ ਹੀਰਾਬੇਨ ਦੀ ਵਿਗੜਦੀ ਸਿਹਤ ਦੀ ਸੂਚਨਾ ਮਿਲਦੇ ਹੀ ਦੇਸ਼ ਦੇ ਸਾਰੇ ਲੋਕਾਂ ਅਤੇ ਨੇਤਾਵਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਸਿਲਸਿਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ, "ਮਾਂ ਅਤੇ ਬੇਟੇ ਦਾ ਪਿਆਰ ਸਦੀਵੀ ਅਤੇ ਅਨਮੋਲ ਹੈ। ਮੋਦੀ ਜੀ, ਇਸ ਔਖੇ ਸਮੇਂ 'ਚ ਮੇਰਾ ਪਿਆਰ ਅਤੇ ਸਮਰਥਨ ਤੁਹਾਡੇ ਨਾਲ ਹੈ। ਮੈਨੂੰ ਉਮੀਦ ਹੈ ਕਿ ਤੁਹਾਡੀ ਮਾਂ ਜਲਦੀ ਠੀਕ ਹੋ ਜਾਵੇਗੀ।"


ਹੁਣ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹਨ। ਦੱਸਿਆ ਗਿਆ ਹੈ ਕਿ ਸਮੇਂ ਸਿਰ ਇਲਾਜ ਮਿਲਣ ਨਾਲ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।