ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਵਿਜੇ ਵਡੇਟੀਵਾਰ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਆਈਪੀਐਸ ਅਧਿਕਾਰੀ ਹੇਮੰਤ ਕਰਕਰੇ ਨੂੰ ਮਾਰਨ ਵਾਲੀ ਗੋਲੀ 'ਆਰਐਸਐਸ ਨੂੰ ਸਮਰਪਿਤ' ਪੁਲਿਸ ਅਧਿਕਾਰੀ ਦੇ ਹਥਿਆਰ ਤੋਂ ਚਲਾਈ ਗਈ ਸੀ ਨਾ ਕਿ 26/11 ਨੂੰ ਮੁੰਬਈ 'ਤੇ ਹਮਲਾ ਕਰਨ ਵਾਲੇ ਅਜਮਲ ਕਸਾਬ ਜਾਂ ਹੋਰ 9 ਪਾਕਿਸਤਾਨੀ ਅੱਤਵਾਦੀਆਂ ਦੀ ਬੰਦੂਕ ਤੋਂ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਸਰਕਾਰੀ ਵਕੀਲ ਅਤੇ ਮੁੰਬਈ ਉੱਤਰੀ ਮੱਧ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਉੱਜਵਲ ਨਿਕਮ ‘ਇਸ ਤੱਥ ਨੂੰ ਦਬਾਉਣ ਵਾਲੇ ਗੱਦਾਰ’ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ 26/11 ਦੇ ਸ਼ਹੀਦਾਂ ਅਤੇ ਮੁੰਬਈ ਪੁਲਿਸ 'ਤੇ ਕਾਂਗਰਸੀ ਆਗੂ ਵਿਜੇ ਵਡੇਟੀਵਾਰ ਦੀ ਕਥਿਤ ਟਿੱਪਣੀ ਦੀ ਨਿੰਦਾ ਕੀਤੀ ਹੈ।
ਇੱਕ ਵੀਡੀਓ ਬਿਆਨ ਵਿੱਚ ਵਡੇਟੀਵਾਰ ਨੇ ਦੋਸ਼ ਲਾਇਆ, ‘ਜਾਂਚ ਦੌਰਾਨ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਸਨ। ਹਾਲਾਂਕਿ, ਇਸ ਨੂੰ ਉੱਜਵਲ ਨਿਕਮ ਦੁਆਰਾ ਦਬਾਇਆ ਜਾਂਦਾ ਰਿਹਾ ਹੈ, ਜੋ ਇੱਕ ਗੱਦਾਰ ਹੈ। ਮੇਰਾ ਸਵਾਲ ਹੈ ਕਿ ਭਾਜਪਾ ਇੱਕ ਗੱਦਾਰ ਨੂੰ ਕਿਉਂ ਬਚਾ ਰਹੀ ਹੈ ਅਤੇ ਅਜਿਹੇ ਵਿਅਕਤੀ ਨੂੰ ਲੋਕ ਸਭਾ ਚੋਣਾਂ ਵਿੱਚ ਟਿਕਟ ਕਿਉਂ ਦਿੱਤੀ? ਅਜਿਹਾ ਕਰਕੇ ਭਾਜਪਾ ਗੱਦਾਰਾਂ ਨੂੰ ਬਚਾ ਰਹੀ ਹੈ।
ਦਰਅਸਲ, ਇਸ ਵਾਰ ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਰੱਦ ਕਰ ਕੇ ਉੱਜਵਲ ਨਿਕਮ ਨੂੰ ਉੱਤਰੀ ਮੱਧ ਮੁੰਬਈ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਨਿਕਮ ਉਹੀ ਸਰਕਾਰੀ ਵਕੀਲ ਹੈ ਜਿਸ ਨੇ ਕਸਾਬ ਨੂੰ ਫਾਂਸੀ ਤੱਕ ਪਹੁੰਚਾਇਆ ਸੀ। ਹੁਣ ਕਾਂਗਰਸ ਨਿਕਮ 'ਤੇ ਸਵਾਲ ਉਠਾ ਰਹੀ ਹੈ। ਕਾਂਗਰਸ ਨੇ ਨਿਕਮ ਦੇ ਖਿਲਾਫ ਵਰਸ਼ਾ ਗਾਇਕਵਾੜ ਨੂੰ ਉਮੀਦਵਾਰ ਬਣਾਇਆ ਹੈ। ਵਿਜੇ ਵਡੇਟੀਵਾਰ ਦੇ ਬਿਆਨ ਤੋਂ ਬਾਅਦ ਹੰਗਾਮਾ ਖੜਾ ਹੋ ਗਿਆ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਜਵਾਬੀ ਹਮਲਾ ਕੀਤਾ।
ਦੇਵੇਂਦਰ ਫੜਨਵੀਸ ਅਤੇ ਨਿਕਮ ਦਾ ਜਵਾਬੀ ਹਮਲਾ
ਨਿਕਮ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਫੜਨਵੀਸ ਅਤੇ ਉੱਜਵਲ ਨਿਕਮ ਨੇ ਵਡੇਟੀਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ 26/11 ਦੇ ਹਮਲਾਵਰ ਕਸਾਬ ਦੇ ਹੱਕ ਵਿੱਚ ਹੈ, ਜਿਸ ਨੂੰ ਜ਼ਿੰਦਾ ਫੜਿਆ ਗਿਆ ਸੀ ਅਤੇ ਬਾਅਦ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਫਾਂਸੀ ਦਿੱਤੀ ਗਈ ਸੀ।
'ਰਾਜਨੀਤਿਕ ਫਾਇਦੇ ਲਈ ਅੱਤਵਾਦੀ ਦੇ ਨਾਲ'
ਨਿਕਮ ਨੇ ਕਿਹਾ, 'ਇਹ ਕਿੰਨਾ ਬੇਬੁਨਿਆਦ ਬਿਆਨ ਹੈ। ਮੈਂ ਅਜਿਹੇ ਬੇਬੁਨਿਆਦ ਦੋਸ਼ਾਂ ਤੋਂ ਦੁਖੀ ਹਾਂ ਜੋ ਮੇਰੀ ਇਮਾਨਦਾਰੀ 'ਤੇ ਸ਼ੱਕ ਪੈਦਾ ਕਰਦੇ ਹਨ। ਇਸ ਤੋਂ ਚੋਣਾਵੀ ਰਾਜਨੀਤੀ ਦਾ ਪੱਧਰ ਸਾਫ਼ ਝਲਕਦਾ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਿਆਸਤਦਾਨ ਇੰਨੇ ਨੀਵੇਂ ਪੱਧਰ ਤੱਕ ਝੁਕ ਜਾਣਗੇ। ਸਿਆਸੀ ਫਾਇਦੇ ਲਈ? ਉਹ (ਵਡੇਟੀਵਾਰ) ਮੇਰਾ ਅਪਮਾਨ ਨਹੀਂ ਕਰ ਰਿਹਾ, ਸਗੋਂ 26/11 ਦੇ ਹਮਲਿਆਂ ਵਿਚ ਮਾਰੇ ਗਏ 166 ਲੋਕਾਂ ਅਤੇ ਸਾਰੇ ਜ਼ਖਮੀਆਂ ਦਾ ਅਪਮਾਨ ਕਰ ਰਿਹਾ ਹੈ।