ਮੰਡੀ : ਹਿਮਾਚਲ ਪ੍ਰਦੇਸ਼ (Himachal Pradesh Mandi ) ਦੇ ਸੁੰਦਰ ਨਗਰ (Sundernagar ) 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ, ਜਿਸ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਸ ਮਾਮਲੇ 'ਚ SIT ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

 

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਆਖਿਰ ਇਸ ਸ਼ਰਾਬ 'ਚ ਅਜਿਹਾ ਕੀ ਮਿਲਾ ਦਿੱਤਾ ਗਿਆ, ਜਿਸ ਨਾਲ ਲੋਕਾਂ ਦੀ ਮੌਤ ਹੋ ਗਈ, ਅਜਿਹੇ 'ਚ ਸਰਕਾਰ ਅਤੇ ਪ੍ਰਸ਼ਾਸਨ ਪੀੜਤ ਪਰਿਵਾਰਾਂ ਅਤੇ ਆਬਕਾਰੀ ਵਿਭਾਗ ਦੇ ਨਾਲ ਖੜ੍ਹਾ ਹੈ ਅਤੇ ਆਬਕਾਰੀ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਇਸ ਪੂਰੇ ਮਾਮਲੇ ਦੀ ਤੁਰੰਤ ਪ੍ਰਭਾਵ ਨਾਲ ਜਾਂਚ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ,ਇਸ ਲਈ ਵੀ ਰਣਨੀਤੀ ਬਣਾਈ ਜਾਵੇਗੀ।

 

 ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਸਵੇਰੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਸਵੇਰੇ 10 ਵਜੇ ਤੋਂ ਬਾਅਦ ਇੱਕ ਹੋਰ ਵਿਅਕਤੀ ਨੂੰ ਨੇਰਚੌਕ ਮੈਡੀਕਲ ਕਾਲਜ ਵਿੱਚ ਮ੍ਰਿਤਕ ਲਿਆਂਦਾ ਗਿਆ। ਮੇਹਰ ਸਿੰਘ (40) ਸੁੰਦਰਨਗਰ ਸਬ-ਡਿਵੀਜ਼ਨ ਦੇ ਚੌਕ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਤਾਰਪੀਨ ਪੀ ਲਿਆ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 ਇਸ ਤੋਂ ਇਲਾਵਾ ਸੀਤਾ ਰਾਮ ਪੁੱਤਰ ਬੰਗਲੂ ਰਾਮ ਵਾਸੀ ਖਾਨਯੋਦ ਤਹਿਸੀਲ ਸੁੰਦਰਨਗਰ ਦੀ ਸਵੇਰੇ ਘਰ 'ਚ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੀਤਾ ਰਾਮ ਨੇ 17 ਜਨਵਰੀ ਨੂੰ ਸ਼ਰਾਬ ਪੀਤੀ ਸੀ। ਸੀਤਾ ਰਾਮ ਮਿਸਤਰੀ ਦਾ ਕੰਮ ਕਰਦਾ ਸੀ। ਰਿਸ਼ਤੇਦਾਰ ਨੂੰ ਕਮਰੇ 'ਚ ਸਾਫਟ ਡਰਿੰਕਿੰਗ ਵਾਟਰ ਦੀ ਬੋਤਲ 'ਚ ਸ਼ਰਾਬ ਮਿਲਾਈ ਹੋਈ ਮਿਲੀ ਹੈ। ਪੁਲਿਸ ਨੇ ਬੋਤਲ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਭਗਤ ਰਾਮ ਦੀ ਵੀਰਵਾਰ ਤੜਕੇ ਮੌਤ ਹੋ ਗਈ, ਉਹ ਨੇਰਚੌਕ ਮੈਡੀਕਲ ਕਾਲਜ ਵਿਖੇ ਇਲਾਜ ਅਧੀਨ ਸੀ।

 

ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਆਈਜੀ ਮਧੂਸੂਦਨ ਦੀ ਪ੍ਰਧਾਨਗੀ ਹੇਠ ਐਸਆਈਟੀ ਦਾ ਗਠਨ ਕੀਤਾ ਹੈ,ਜੋ ਵੀ ਇਸ ਵਿੱਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 8-8 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮੌਕੇ 'ਤੇ ਹੀ 50-50 ਹਜ਼ਾਰ ਰੁਪਏ ਦੀ ਫੌਰੀ ਰਾਹਤ ਮੁਹੱਈਆ ਕਰਵਾਈ ਗਈ ਹੈ।