ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਜਾਰੀ ਹੈ। ਬੀਤੇ 5-6 ਦਿਨਾਂ ’ਚ ਹੀ ਦੇਸ਼ ਵਿੱਚ ਇੱਕ-ਇੱਕ ਦਿਨ ’ਚ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਅਹਿਤਿਆਤ ਵਜੋਂ ਦੇਸ਼ ਦੇ ਕਈ ਸ਼ਹਿਰਾਂ ਤੇ ਜ਼ਿਲ੍ਹਿਆਂ ਵਿੱਚ ਨਾਈਟ ਕਰਫ਼ਿਊ ਤੇ ਲੌਕਡਾਊਨ ਲਾਇਆ ਗਿਆ ਹੈ। ਜ਼ਿਆਦਾਤਰ ਰਾਜਾਂ ਵਿੱਚ ਸਕੂਲ ਤੇ ਕਾਲਜ ਵੀ ਬੰਦ ਰੱਖੇ ਗਏ ਹਨ ਅਤੇ ਜਾਂ ਉਹ ਸਖ਼ਤ ਨਿਯਮਾਂ ਨਾਲ ਖੁੱਲ੍ਹ ਰਹੇ ਹਨ>


ਕੋਰੋਨਾ ਨਾਲ ਜ਼ਿਆਦਾਤਰ ਮਾਮਲੇ ਮਹਾਰਾਸ਼ਟਰ, ਕਰਨਾਟਕ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਹੇ ਹਨ। ਇਨ੍ਹਾਂ ਰਾਜਾਂ ਵਿੱਚ ਨਾਈਟ ਕਰਫ਼ਿਊ ਤੇ ਲੌਕਡਾਊਨ ਦਾ ਸਹਾਰਾ ਲਿਆ ਗਿਆ ਹੈ। ਮੋਟੇ ਤੌਰ ਉੱਤੇ ਦੇਸ਼ ਦੇ ਲਗਪਗ 100 ਤੋਂ ਵੱਧ ਸ਼ਹਿਰਾਂ ਵਿੱਚ ਇਸ ਵੇਲੇ ਨਾਈਟ ਕਰਫ਼ਿਊ ਲਾਇਆ ਜਾ ਚੁੱਕਾ ਹੈ।


ਕੀ ਹੁੰਦਾ ਨਾਈਟ ਕਰਫ਼ਿਊ?


ਆਮ ਤੌਰ ਉੱਤੇ ਰਾਤੀਂ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸ਼ਹਿਰੀ ਇਲਾਕਿਆਂ ’ਚ ਰਾਤ ਦਾ ਕਰਫ਼ਿਊ ਲਾਇਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਲੋਕਾਂ ਦੇ ਘਰਾਂ ’ਚੋਂ ਨਿੱਕਲਣ ’ਤੇ ਪਾਬੰਦੀ ਹੁੰਦੀ ਹੈ। ਅਜਿਹੇ ਹੁਕਮ ਆਮ ਤੌਰ ਉੱਤੇ ਜੰਗ ਲੱਗਣ ’ਤੇ ਜਾਂ ਸ਼ਾਂਤੀ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਜਾਰੀ ਕੀਤੇ ਜਾਂਦੇ ਹਨ। ਹੁਣ ਪੂਰੀ ਦੁਨੀਆ ’ਚ ਹੀ ਕੋਰੋਨਾ ਕਰ ਕੇ ਨਾਈਟ ਕਰਫ਼ਿਊ ਲਾਉਣ ਦੀ ਲੋੜ ਮਹਿਸੂਸ ਪਈ ਹੈ। ਇਸ ਕਰਫ਼ਿਊ ਦੇ ਹੁਕਮ ਦੀ ਉਲੰਘਣਾ ਕਰਨ ’ਤੇ ਸਜ਼ਾ ਦੀ ਵਿਵਸਥਾ ਹੁੰਦੀ ਹੈ।


ਕਿਹੜੀ ਮਿਲਦੀ ਛੋਟ?


1.  ਦਿਨ ਵੇਲੇ ਤੁਸੀਂ ਕਿਤੇ ਵੀ ਆ-ਜਾ ਸਕਦੇ ਹੋ ਪਰ ਰਾਤੀਂ ਕਰਫ਼ਿਊ ਦੇ ਸਮੇਂ ਕਿਤੇ ਬਾਹਰ ਜਾਣ ’ਤੇ ਪਾਬੰਦੀ ਹੁੰਦੀ ਹੈ ਪਰ ਦਿਨ ਵੇਲੇ ਵੀ ਸਰੀਰਕ ਦੂਰੀ ਕਾਇਮ ਰੱਖਣ ਤੇ ਮਾਸਕ ਪਹਿਨਣਾ ਜ਼ਰੂਰੀ ਹੁੰਦਾ ਹੈ; ਨਹੀਂ ਤਾਂ ਜੁਰਮਾਨਾ ਲੱਗ ਸਕਦਾ ਹੈ।


2.   ਨਾਈਟ ਕਰਫ਼ਿਊ ’ਚ ਪ੍ਰਾਈਵੇਟ ਡਾਕਟਰਾਂ, ਨਰਸਾਂ ਤੇ ਪੈਰਾ-ਮੈਡੀਕਲ ਸਟਾਫ਼ ਨੂੰ ਛੋਟ ਦਿੱਤੀ ਜਾਵੇਗੀ; ਤਾਂ ਜੋ ਸਿਹਤ ਸੇਵਾਵਾਂ ਜਾਰੀ ਰਹਿ ਸਕਣ।


3.   ਜੇ ਤੁਸੀਂ ਹਵਾਈ ਅੱਡੇ, ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ’ਤੇ ਜਾ ਰਹੇ ਹੋ, ਤਾਂ ਵੀ ਤੁਹਾਨੂੰ ਰਾਤ ਸਮੇਂ ਜਾਣ ਦੀ ਇਜਾਜ਼ਤ ਹੋਵੇਗੀ ਪਰ ਤੁਹਾਡੇ ਕੋਲ ਰੇਲ, ਬੱਸ ਜਾਂ ਹਵਾਈ ਟਿਕਟ ਹੋਣਾ ਚਾਹੀਦਾ ਹੈ।


4.   ਗਰਭਵਤੀ ਔਰਤਾਂ ਤੇ ਰੋਗੀਆਂ ਨੂੰ ਵੀ ਇਸ ਦੌਰਾਨ ਹਸਪਤਾਲ ਲਿਜਾਣ ਦੀ ਛੋਟ ਪ੍ਰਾਪਤ ਹੈ।


5.   ਬੱਸਾਂ, ਮੈਟਰੋ, ਆਟੋ ਤੇ ਟੈਕਸੀ ਦੇ ਨਾਲ-ਨਾਲ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਲਿਜਾਇਆ ਜਾ ਸਕਦਾ ਹੈ।


6.   ਉਨ੍ਹਾਂ ਵਿਭਾਗਾਂ ਦੇ ਲੋਕ, ਜੋ ਜ਼ਰੂਰੀ ਸੇਵਾਵਾਂ ਲਈ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਨਾਈਟ ਕਰਫ਼ਿਊ ਦੌਰਾਨ ਆਉਣ-ਜਾਣ ਦੀ ਛੋਟ ਮਿਲੇਗੀ।


7.   ਰਾਤ ਸਮੇਂ ਆਵਾਜਾਈ ਉੱਤੇ ਕੋਈ ਪਾਬੰਦੀ ਨਹੀਂ ਹੈ। ਬੱਸ, ਮੈਟਰੋ, ਆਟੋ, ਟੈਕਸੀਆਂ ਤੇ ਜਨਤਕ ਵਾਹਨ ਚੱਲਦੇ ਰਹਿਣਗੇ ਪਰ ਨਿੱਜੀ ਵਾਹਨਾਂ ਨੂੰ ਛੋਟ ਨਹੀਂ ਮਿਲੇਗੀ।


8.   ਰਾਸ਼ਨ, ਜਨਰਲ ਸਟੋਰਜ਼, ਫਲ ਤੇ ਸਬਜ਼ੀ ਵਿਕਰੇਤਾ ਤੇ ਮੈਡੀਕਲ ਸਟੋਰ ਉੱਤੇ ਕੰਮ ਕਰਨ ਵਾਲੇ ਵੀ ਰਾਤ ਨੂੰ ਆ-ਜਾ ਸਕਣਗੇ। ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਆ ਦੇ ਲੋਕ ਵੀ ਇਸ ਛੋਟ ਦੇ ਹੱਕਦਾਰ ਹੋਣਗੇ।