Nitin Gadkari : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦੇਸ਼ ਦੇ ਐਕਸਪ੍ਰੈਸਵੇਅ 'ਤੇ ਲੱਗਣ ਵਾਲੇ 'ਟੋਲ ਟੈਕਸ ਦੇ ਫਾਦਰ' ਹਨ, ਕਿਉਂਕਿ 1990 ਦੇ ਦਹਾਕੇ 'ਚ ਜਦੋਂ ਉਹ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਸਨ ਤਾਂ ਉਨ੍ਹਾਂ ਨੇ ਪਹਿਲੀ ਵਾਰ ਅਜਿਹੀ ਸੜਕ ਬਣਾਈ ਸੀ। ਗਡਕਰੀ ਬੁੱਧਵਾਰ ਨੂੰ ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਦੇ ਰਹੇ ਸਨ। ਸੰਸਦ ਮੈਂਬਰਾਂ ਨੇ ਸ਼ਹਿਰ ਦੀ ਹੱਦ ਦੇ ਅੰਦਰ ਐਕਸਪ੍ਰੈਸ ਵੇਅ 'ਤੇ ਟੋਲ ਪਲਾਜ਼ਿਆਂ ਦੇ ਨਿਰਮਾਣ 'ਤੇ ਚਿੰਤਾ ਜ਼ਾਹਰ ਕੀਤੀ। ਸੰਸਦ ਮੈਂਬਰਾਂ ਦੀ ਸ਼ਿਕਾਇਤ ਕਿ ਇਸ ਕਾਰਨ ਲੋਕਾਂ ਨੂੰ ਸ਼ਹਿਰਾਂ 'ਚ ਹੀ ਟੋਲ ਅਦਾ ਕਰਨਾ ਪਵੇਗਾ।


ਗਡਕਰੀ ਨੇ ਕਿਹਾ - ਸਮੱਸਿਆ ਦੂਰ ਕਰ ਦਿੱਤੀ ਜਾਵੇਗੀ


ਕੇਂਦਰੀ ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਯੂਪੀਏ ਸਰਕਾਰ ਵੇਲੇ ਵੀ ਅਜਿਹਾ ਸਵਾਲ ਉੱਠਿਆ ਸੀ। ਉਨ੍ਹਾਂ ਕਿਹਾ, "2014 ਤੋਂ ਪਹਿਲਾਂ ਜਦੋਂ ਯੂਪੀਏ ਸੱਤਾ 'ਚ ਸੀ, ਸ਼ਹਿਰ ਦੇ ਨੇੜੇ ਟੋਲ ਬਣਾਏ ਗਏ ਸਨ ਅਤੇ ਹਰ ਕੋਈ ਇਸ ਦਾ ਭੁਗਤਾਨ ਕਰਦਾ ਸੀ। ਇਹ ਬਹੁਤ ਮੰਦਭਾਗਾ ਅਤੇ ਗ਼ੈਰ-ਕਾਨੂੰਨੀ ਹੈ।


ਦੇਸ਼ 'ਚ ਮੈਂ ਟੋਲ ਸਿਸਟਮ ਕੀਤਾ ਸ਼ੁਰੂ


ਗਡਕਰੀ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਜਾਂ ਬਦਕਿਸਮਤੀ ਨਾਲ ਮੈਂ ਇਸ ਟੋਲ ਦਾ ਜਨਮਦਾਤਾ ਹਾਂ, ਕਿਉਂਕਿ ਮੈਂ ਦੇਸ਼ 'ਚ ਪਹਿਲੀ ਵਾਰ ਟੋਲ ਪ੍ਰਣਾਲੀ ਸ਼ੁਰੂ ਕੀਤੀ ਅਤੇ ਪਹਿਲਾ ਬੀਓਟੀ (ਬਿਲਡ-ਆਪ੍ਰੇਟ-ਟਰਾਂਸਫਰ) ਪ੍ਰੋਜੈਕਟ ਠਾਣੇ, ਮਹਾਰਾਸ਼ਟਰ 'ਚ ਲਾਗੂ ਕੀਤਾ ਗਿਆ ਸੀ। ਗਡਕਰੀ 1995 ਤੋਂ 1999 ਤੱਕ ਮਹਾਰਾਸ਼ਟਰ ਸਰਕਾਰ 'ਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਪਣੀ ਤਰ੍ਹਾਂ ਦਾ ਪਹਿਲਾ ਮੁੰਬਈ-ਪੁਣੇ ਐਕਸਪ੍ਰੈਸਵੇਅ ਪ੍ਰੋਜੈਕਟ ਲਾਗੂ ਕੀਤਾ ਗਿਆ ਸੀ।


ਗਡਕਰੀ ਦੇ ਕੰਮਾਂ ਦੀ ਤਾਰੀਫ ਕਰਦਾ ਹੈ ਵਿਰੋਧੀ ਧਿਰ


ਨਿਤਿਨ ਗਡਕਰੀ ਨੂੰ ਸੜਕ ਨਿਰਮਾਣ ਨਾਲ ਜੁੜੇ ਕੰਮਾਂ ਦਾ ਮਾਹਿਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਵਿਭਾਗ ਨੇ ਪਿਛਲੇ ਸਾਲਾਂ 'ਚ ਦੇਸ਼ ਵਿੱਚ ਕਈ ਵੱਡੇ ਅਤੇ ਮਹੱਤਵਪੂਰਨ ਐਕਸਪ੍ਰੈਸ ਵੇਅ ਬਣਾਏ ਹਨ। ਉਹ ਨਿਰਧਾਰਿਤ ਸਮੇਂ ਤੋਂ ਪਹਿਲਾਂ ਗੁਣਵੱਤਾ ਵਾਲੇ ਕੰਮ ਲਈ ਜਾਣੇ ਜਾਂਦੇ ਹਨ। ਵਿਰੋਧੀ ਧਿਰ ਨੇ ਵੀ ਕਈ ਵਾਰ ਉਨ੍ਹਾਂ ਦੇ ਕੰਮਾਂ ਦੀ ਤਾਰੀਫ਼ ਕੀਤੀ ਹੈ। ਫਿਲਹਾਲ ਗਡਕਰੀ ਦਾ ਧਿਆਨ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਨੂੰ ਸਮੇਂ ਸਿਰ ਪੂਰਾ ਕਰਨ 'ਤੇ ਹੈ।