ਅਵਿਨਾਸ਼ ਰਾਏ
ਅੱਜ ਭਗਤ ਸਿੰਘ ਦਾ ਜਨਮ ਦਿਨ ਹੈ ਪਰ ਜਦੋਂ ਵੀ ਭਗਤ ਸਿੰਘ ਬਾਰੇ ਚਰਚਾ ਹੁੰਦੀ ਹੈ, ਇਹ ਚਰਚਾ ਉਨ੍ਹਾਂ ਦੇ ਜਨਮ ਦਿਨ ਤੋਂ ਵੱਧ ਉਨ੍ਹਾਂ ਦੀ ਸ਼ਹਾਦਤ ਬਾਰੇ ਹੁੰਦੀ ਹੈ, ਕਿਉਂਕਿ ਭਗਤ ਸਿੰਘ ਭਾਰਤੀ ਇਤਿਹਾਸ ਦੇ ਇਕਲੌਤੇ ਇਨਕਲਾਬੀ ਹਨ, ਜਿਨ੍ਹਾਂ ਨੇ ਆਪਣੀ ਮੌਤ ਨੂੰ ਖੁਦ ਡਿਜ਼ਾਈਨ ਕੀਤਾ ਸੀ।
17 ਦਸੰਬਰ, 1928 ਨੂੰ ਪੁਲਿਸ ਅਧਿਕਾਰੀ ਸਾਂਡਰਸ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਹ ਚਾਹੁੰਦੇ ਤਾਂ ਆਪਣੇ ਕੇਸ ਦੀ ਪੈਰਵੀ ਲਈ ਵਕੀਲ ਕਰ ਸਕਦੇ ਸਨ, ਪਰ ਨਾ ਤਾਂ ਸਾਂਡਰਸ ਦੀ ਹੱਤਿਆ ਦੇ ਕੇਸ ਦੀ ਪੈਰਵਾਈ ਕੀਤੀ ਤੇ ਨਾ ਹੀ ਸੈਂਟਰਲ ਅਸੈਂਬਲੀ 'ਚ ਬੰਬ ਧਮਾਕਿਆਂ ਦੀ ਸੁਣਵਾਈ ਲਈ ਉਨ੍ਹਾਂ ਨੇ ਕੋਈ ਵਕੀਲ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਕਿਸਮਤ ਦੀ ਖੁਦ ਚੋਣ ਕੀਤੀ।
ਪਰ ਵਾਰ-ਵਾਰ ਇਹ ਸਵਾਲ ਉੱਠਦਾ ਹੈ ਕਿ ਜੇ ਮਹਾਤਮਾ ਗਾਂਧੀ ਤੇ ਨਹਿਰੂ ਚਾਹੁੰਦੇ ਤਾਂ ਭਗਤ ਸਿੰਘ ਦੀ ਫਾਂਸੀ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ ਤਾਂ ਕੀ ਇਹ ਸੱਚਮੁੱਚ ਅਜਿਹਾ ਸੀ ਜਾਂ ਸਿਰਫ਼ ਇੱਕ ਵਿਚਾਰ ਹੈ?
"ਹਵਾ ਮੇਂ ਰਹੇਗੀ ਮੇਰੀ ਖਿਆਲ ਕੀ ਬਿਜਲੀ, ਯੇ ਮੁਸ਼ਤ-ਏ-ਖਾਕ ਹੈ ਫਾਨੀ, ਰਹੇ-ਰਹੇ ਨਾ ਰਹੇ" - 27 ਸਤੰਬਰ 1907 ਨੂੰ ਜਨਮੇ ਤੇ 23 ਮਾਰਚ 1931 ਨੂੰ ਫਾਂਸੀ 'ਤੇ ਚੜ੍ਹ ਕੇ ਸ਼ਹੀਦ ਹੋਏ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ 'ਚ ਇਹ ਸਤਰਾਂ ਲਿਖੀਆਂ ਸਨ। ਇਹ ਸਤਰਾਂ ਆਪਣੇ ਆਪ ਹੀ ਸਭ ਕੁਝ ਦੱਸਦੀਆਂ ਹਨ। ਫਿਰ ਵੀ ਹਾਲਾਤ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਸਾਂਡਰਸ ਦੇ ਕਤਲ ਤੋਂ ਬਾਅਦ ਭਗਤ ਸਿੰਘ, ਰਾਜਗੁਰੂ ਤੇ ਜੈਗੋਪਾਲ ਫਰਾਰ ਹੋ ਗਏ ਸਨ। 8 ਅਪ੍ਰੈਲ, 1929 ਨੂੰ ਕੇਂਦਰੀ ਅਸੈਂਬਲੀ 'ਚ ਹੋਏ ਧਮਾਕੇ ਤੋਂ ਬਾਅਦ ਵੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਲਈ ਉੱਥੋਂ ਫਰਾਰ ਹੋਣਾ ਮੁਸ਼ਕਲ ਨਹੀਂ ਸੀ ਪਰ ਉਹ ਉੱਥੇ ਹੀ ਰੁਕੇ ਰਹੇ, ਪਰਚੇ ਸੁੱਟਦੇ ਰਹੇ ਤੇ ਇਨਕਲਾਬੀ ਨਾਅਰੇ ਲਗਾਉਂਦੇ ਰਹੇ। ਮਕਸਦ ਦੇਸ਼ ਤੇ ਦੁਨੀਆਂ ਨੂੰ ਸੰਦੇਸ਼ ਦੇਣਾ ਸੀ, ਜਿਸ 'ਚ ਉਹ ਪੂਰੀ ਤਰ੍ਹਾਂ ਸਫਲ ਵੀ ਰਹੇ ਸਨ।
ਗ੍ਰਿਫ਼ਤਾਰੀ ਤੋਂ ਬਾਅਦ 7 ਮਈ 1929 ਨੂੰ ਜਦੋਂ ਮੁਕੱਦਮਿਆਂ ਦੀ ਸੁਣਵਾਈ ਸ਼ੁਰੂ ਹੋਈ ਤਾਂ ਭਗਤ ਸਿੰਘ ਵੱਲੋਂ ਆਸਿਫ਼ ਅਲੀ ਅਦਾਲਤ 'ਚ ਮੌਜੂਦ ਸਨ। ਜਦੋਂ ਅਦਾਲਤ 'ਚ ਲੰਚ ਟਾਈਮ ਹੋਇਆ ਤਾਂ ਭਗਤ ਸਿੰਘ ਨੇ ਕੋਰਟ ਰੂਮ 'ਚ ਮੌਜੂਦ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਸਪੱਸ਼ਟ ਤੌਰ 'ਤੇ ਦੱਸਿਆ ਕਿ ਸਰਕਾਰ ਉਨ੍ਹਾਂ ਨੂੰ ਫਾਂਸੀ ਦੇਣ 'ਤੇ ਤੁਲੀ ਹੋਈ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਉਨ੍ਹਾਂ ਦੀ ਫਾਂਸੀ ਤੈਅ ਹੈ। ਅਗਲੇ ਦਿਨ 8 ਮਈ ਨੂੰ ਜਦੋਂ ਭਗਤ ਸਿੰਘ ਨੂੰ ਬਿਆਨ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਸੈਸ਼ਨ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਤਾਂ ਭਗਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਬੰਬ ਸੁੱਟਿਆ ਸੀ, ਕਿਉਂਕਿ ਇੰਗਲੈਂਡ ਨੂੰ ਜਗਾਉਣ ਲਈ ਬੰਬ ਸੁੱਟਣਾ ਜ਼ਰੂਰੀ ਸੀ। ਅਦਾਲਤ ਨੇ ਆਪਣੇ ਲੰਮੇ ਫੈਸਲੇ 'ਚ ਕਿਹਾ ਕਿ ਬੰਬ ਸੁੱਟਣ ਦੇ ਦੋਸ਼ੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਪਰ ਭਗਤ ਸਿੰਘ ਖ਼ਿਲਾਫ਼ ਅਜੇ ਇੱਕ ਹੋਰ ਵੱਡਾ ਕੇਸ ਪੈਂਡਿੰਗ ਸੀ।
ਸਾਂਡਰਸ ਕਤਲ ਦੀ ਸੁਣਵਾਈ
ਇਸ ਦੀ ਸ਼ੁਰੂਆਤ 10 ਜੁਲਾਈ 1929 ਨੂੰ ਹੋਈ ਸੀ। ਸਾਂਡਰਸ ਕਤਲ ਕੇਸ 'ਚ ਭਗਤ ਸਿੰਘ ਸਮੇਤ 15 ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ। ਇਨ੍ਹਾਂ ਵਿੱਚੋਂ 7 ਸਰਕਾਰੀ ਗਵਾਹ ਬਣ ਗਏ, ਜਿਨ੍ਹਾਂ 'ਚ ਰਾਮ ਸ਼ਰਨ ਦਾਸ, ਬ੍ਰਹਮ ਦੱਤ, ਜੈਗੋਪਾਲ, ਮਨਮੋਹਨ ਬੈਨਰਜੀ, ਹੰਸਰਾਜ ਵੋਹਰਾ ਅਤੇ ਲਲਿਤ ਕੁਮਾਰ ਮੁਖਰਜੀ ਸ਼ਾਮਲ ਹਨ।
ਇਸ ਮਾਮਲੇ 'ਚ ਵੀ ਭਗਤ ਸਿੰਘ ਨੇ ਕੋਈ ਵਕੀਲ ਨਾ ਰੱਖਿਆ। ਆਪਣੀ ਸਫ਼ਾਈ 'ਚ ਕੁਝ ਨਾ ਕਿਹਾ। ਸੁਣਵਾਈ ਦੌਰਾਨ ਭਗਤ ਸਿੰਘ ਨੇ ਦੁਨੀ ਚੰਦ ਨੂੰ ਆਪਣਾ ਕਾਨੂੰਨੀ ਸਲਾਹਕਾਰ ਬਣਾਇਆ, ਪਰ ਇਹ ਸਪੱਸ਼ਟ ਕਰ ਦਿੱਤਾ ਕਿ ਦੁਨੀ ਚੰਦ ਨਾ ਤਾਂ ਕਿਸੇ ਗਵਾਹ ਤੋਂ ਪੁੱਛਗਿੱਛ ਕਰੇਗਾ ਤੇ ਨਾ ਹੀ ਅਦਾਲਤ 'ਚ ਜੱਜ ਨਾਲ ਗੱਲ ਕਰੇਗਾ।
ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਭਾਰਤ ਦੇ ਵਾਇਸਰਾਏ ਨੂੰ ਬੇਨਤੀ ਕੀਤੀ ਕਿ ਸਾਂਡਰਸ ਦੇ ਕਤਲ ਦੇ ਦਿਨ ਭਗਤ ਸਿੰਘ ਲਾਹੌਰ 'ਚ ਨਹੀਂ ਸੀ। ਜਦੋਂ ਭਗਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਆਪਣੇ ਪਿਤਾ ਤੋਂ ਨਾਰਾਜ਼ ਹੋ ਗਏ ਤੇ ਇੱਕ ਚਿੱਠੀ ਲਿਖ ਕੇ ਕਿਹਾ ਕਿ ਤੁਹਾਨੂੰ ਮੇਰੇ ਨਾਲ ਸਲਾਹ ਕੀਤੇ ਬਗੈਰ ਅਜਿਹਾ ਪੱਤਰ ਨਹੀਂ ਲਿਖਣਾ ਚਾਹੀਦਾ ਸੀ। ਆਖਰਕਾਰ ਉਹੀ ਹੋਇਆ। 7 ਅਕਤੂਬਰ 1930 ਨੂੰ ਅਦਾਲਤ ਨੇ ਸਾਂਡਰਸ ਦੇ ਕਤਲ ਦਾ ਦੋਸ਼ੀ ਪਾਉਂਦੇ ਹੋਏ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਮੌਤ ਦੀ ਸਜ਼ਾ ਸੁਣਾਈ।
ਹੁਣ ਗੱਲ ਮਹਾਤਮਾ ਗਾਂਧੀ ਤੇ ਨਹਿਰੂ ਦੀ ਕਿ ਉਨ੍ਹਾਂ ਨੇ ਭਗਤ ਸਿੰਘ ਨੂੰ ਕਿਉਂ ਨਹੀਂ ਬਚਾਇਆ। 14 ਫਰਵਰੀ 1931 ਨੂੰ ਪੰਡਿਤ ਮਦਨ ਮੋਹਨ ਮਾਲਵੀਆ ਨੇ ਵਾਇਸਰਾਏ ਨੂੰ ਅਪੀਲ ਕੀਤੀ ਤੇ ਕਿਹਾ ਕਿ ਭਗਤ ਸਿੰਘ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਿਆ ਜਾਵੇ। ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਗਈ ਸੀ। 16 ਫਰਵਰੀ ਨੂੰ ਇੱਕ ਹੋਰ ਹੈਬੀਅਸ ਕਾਰਪਸ ਪਟੀਸ਼ਨ ਖਾਰਜ ਕਰ ਦਿੱਤੀ ਗਈ। ਫਿਰ 18 ਫਰਵਰੀ ਨੂੰ ਮਹਾਤਮਾ ਗਾਂਧੀ ਨੇ ਵਾਇਸਰਾਏ ਨਾਲ ਗੱਲ ਕੀਤੀ, ਜਿਸ 'ਚ ਮਹਾਤਮਾ ਗਾਂਧੀ ਨੇ ਵਾਇਸਰਾਏ ਨੂੰ ਕਿਹਾ ਕਿ ਉਨ੍ਹਾਂ ਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਯੰਗ ਇੰਡੀਆ 'ਚ ਮਹਾਤਮਾ ਗਾਂਧੀ ਨੇ ਲਿਖਿਆ ਕਿ ਵਾਇਸਰਾਏ ਨੇ ਉਨ੍ਹਾਂ ਨੂੰ ਕਿਹਾ ਕਿ ਫਾਂਸੀ ਨੂੰ ਖਤਮ ਕਰਨਾ ਮੁਸ਼ਕਲ ਹੈ, ਪਰ ਇਸ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਵਾਇਸਰਾਏ ਆਪਣੀ ਗੱਲ 'ਤੇ ਕਾਇਮ ਨਹੀਂ ਰਹੇ। 24 ਮਾਰਚ ਨੂੰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ।
19 ਮਾਰਚ ਨੂੰ ਮਹਾਤਮਾ ਗਾਂਧੀ ਨੇ ਦੁਬਾਰਾ ਵਾਇਸਰਾਏ ਇਰਵਿਨ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਕਿ ਭਗਤ ਸਿੰਘ ਦੀ ਫਾਂਸੀ ਨੂੰ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ ਪਰ ਇਰਵਿਨ ਨੇ ਇਨਕਾਰ ਕਰ ਦਿੱਤਾ। ਦੂਜੇ ਪਾਸੇ ਮਹਾਤਮਾ ਗਾਂਧੀ ਨੇ ਆਸਿਫ਼ ਅਲੀ ਨੂੰ ਭਗਤ ਸਿੰਘ ਕੋਲ ਭੇਜਿਆ ਤਾਂ ਕਿ ਉਹ ਭਗਤ ਸਿੰਘ ਨਾਲ ਇਹ ਵਾਅਦਾ ਕਰ ਸਕੇ ਕਿ ਜੇ ਉਨ੍ਹਾਂ ਦੀ ਸਜ਼ਾ ਮੁਆਫ਼ ਹੋ ਗਈ ਤਾਂ ਉਹ ਹਿੰਸਾ ਦਾ ਰਾਹ ਛੱਡ ਦੇਣਗੇ।
ਭਗਤ ਸਿੰਘ ਨੇ ਆਸਿਫ਼ ਅਲੀ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਭਗਤ ਸਿੰਘ ਅੜੇ ਰਹੇ। ਫਿਰ ਮਹਾਤਮਾ ਗਾਂਧੀ ਨੇ 21 ਮਾਰਚ ਤੇ 22 ਮਾਰਚ ਨੂੰ ਲਗਾਤਾਰ ਦੋ ਵਾਰ ਇਰਵਿਨ ਨਾਲ ਗੱਲ ਕੀਤੀ। ਇਰਵਿਨ ਸਹਿਮਤ ਨਹੀਂ ਹੋਏ। ਮਹਾਤਮਾ ਗਾਂਧੀ ਨੇ 23 ਮਾਰਚ ਨੂੰ ਫਿਰ ਚਿੱਠੀ ਲਿਖੀ। ਪਰ ਜਦੋਂ ਤਕ ਇਰਵਿਨ ਚਿੱਠੀ ਪੜ੍ਹ ਪਾਉਂਦੇ ਭਗਤ ਸਿੰਘ ਨੂੰ ਤੈਅ ਮਿਤੀ ਤੋਂ ਇਕ ਦਿਨ ਪਹਿਲਾਂ 23 ਮਾਰਚ ਨੂੰ ਫਾਂਸੀ ਦੇ ਦਿੱਤੀ ਗਈ ਸੀ।
24 ਮਾਰਚ ਨੂੰ ਜਦੋਂ ਮਹਾਤਮਾ ਗਾਂਧੀ ਕਾਂਗਰਸ ਦੇ ਕਰਾਚੀ ਇਜਲਾਸ 'ਚ ਸ਼ਾਮਲ ਹੋਣ ਲਈ ਪਹੁੰਚੇ, ਉਨ੍ਹਾਂ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਹਾਤਮਾ ਗਾਂਧੀ ਨੇ ਕਿਹਾ- ਭਾਵੇਂ ਉਹ ਕੋਈ ਵੀ ਹੋਵੇ, ਉਸ ਨੂੰ ਸਜ਼ਾ ਦੇਣਾ ਮੇਰਾ ਅਹਿੰਸਾ ਧਰਮ ਦੇ ਖ਼ਿਲਾਫ਼ ਹੈ, ਮੈਂ ਭਗਤ ਸਿੰਘ ਨੂੰ ਬਚਾਉਣਾ ਨਹੀਂ ਚਾਹੁੰਦਾ ਸੀ, ਅਜਿਹਾ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਹੋ ਸਕਦੀ ਹੈ। ਮਹਾਤਮਾ ਗਾਂਧੀ ਨੇ ਕਿਹਾ - 'ਮੈਂ ਫਾਂਸੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਕਈ ਮੀਟਿੰਗਾਂ ਕੀਤੀਆਂ, ਇੱਥੋਂ ਤਕ ਕਿ 23 ਮਾਰਚ ਨੂੰ ਇਕ ਚਿੱਠੀ ਵੀ ਲਿਖੀ, ਪਰ ਮੇਰੀ ਹਰ ਕੋਸ਼ਿਸ਼ ਬੇਕਾਰ ਗਈ।'
ਰਹੀ ਗੱਲ ਨਹਿਰੂ ਦੀ ਤਾਂ ਉਨ੍ਹਾਂ ਨੇ 12 ਅਕਤੂਬਰ 1930 ਨੂੰ ਭਗਤ ਸਿੰਘ ਦੀ ਫਾਂਸੀ ਤੋਂ ਪਹਿਲਾਂ ਇਕ ਜਨਤਕ ਭਾਸ਼ਣ ਵਿੱਚ ਕਿਹਾ ਸੀ - "ਮੈਂ ਉਸ ਨਾਲ ਸਹਿਮਤ ਹਾਂ ਜਾਂ ਨਹੀਂ, ਪਰ ਮੇਰੇ ਮਨ 'ਚ ਭਗਤ ਸਿੰਘ ਵਰਗੇ ਵਿਅਕਤੀ ਲਈ ਹਿੰਮਤ ਤੇ ਸਤਿਕਾਰ ਹੈ। ਭਗਤ ਸਿੰਘ ਵਰਗਾ ਹੌਂਸਲਾ ਬਹੁਤ ਘੱਟ ਹੁੰਦਾ ਹੈ। ਵਾਇਸਰਾਏ ਨੂੰ ਆਪਣੇ ਦਿਲ ਤੋਂ ਪੁੱਛਣਾ ਚਾਹੀਦਾ ਹੈ ਕਿ ਜੇ ਭਗਤ ਸਿੰਘ ਅੰਗਰੇਜ਼ ਹੁੰਦਾ ਤੇ ਉਸ ਨੇ ਇੰਗਲੈਂਡ ਲਈ ਅਜਿਹਾ ਕੀਤਾ ਹੁੰਦਾ ਤਾਂ ਉਸ ਨੂੰ ਕਿਵੇਂ ਮਹਿਸੂਸ ਹੁੰਦਾ?"
ਨਹਿਰੂ ਨੇ ਆਪਣੀ ਕਿਤਾਬ ਡਿਸਕਵਰੀ ਆਫ਼ ਇੰਡੀਆ 'ਚ ਇਹ ਵੀ ਲਿਖਿਆ ਹੈ ਕਿ ਭਗਤ ਸਿੰਘ ਇਕ ਪ੍ਰਤੀਕ ਬਣ ਗਏ ਸਨ। ਕੁਝ ਮਹੀਨਿਆਂ ਦੇ ਅੰਦਰ ਉਨ੍ਹਾਂ ਦਾ ਨਾਮ ਪੰਜਾਬ ਦੇ ਹਰ ਸ਼ਹਿਰ ਅਤੇ ਹਰ ਪਿੰਡ ਦੇ ਨਾਲ-ਨਾਲ ਬਾਕੀ ਭਾਰਤ 'ਚ ਵੀ ਗੂੰਜਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਉੱਤੇ ਬਹੁਤ ਸਾਰੇ ਗੀਤ ਬਣਾਏ ਗਏ ਸਨ। ਉਨ੍ਹਾਂ ਨੂੰ ਮਿਲੀ ਪ੍ਰਸਿੱਧੀ ਬੇਮਿਸਾਲ ਸੀ।
ਰਹੀ ਗੱਲ ਇਸ ਦੀ ਕਿ ਜੇ ਭਗਤ ਸਿੰਘ ਦੀ ਫਾਂਸੀ ਰੁੱਕ ਜਾਂਦੀ ਤਾਂ ਕੀ ਹੁੰਦਾ? ਇਸ ਲਈ ਇਸ ਦੀ ਸਭ ਤੋਂ ਉੱਤਮ ਉਦਾਹਰਣ ਬਟੁਕੇਸ਼ਵਰ ਦੱਤ ਹਨ। ਸਾਂਡਰਸ ਕਤਲ ਕੇਸ 'ਚ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਕੇਂਦਰੀ ਅਸੈਂਬਲੀ 'ਚ ਬੰਬ ਸੁੱਟਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਬਟੁਕੇਸ਼ਵਰ ਦੱਤ ਨੂੰ ਕਾਲਾ ਪਾਣੀ ਭੇਜਿਆ ਗਿਆ।
ਉਨ੍ਹਾਂ ਨੇ 15 ਅਗਸਤ 1947 ਨੂੰ ਆਜ਼ਾਦੀ ਤੋਂ ਬਾਅਦ ਨਵੰਬਰ 'ਚ ਵਿਆਹ ਕੀਤਾ ਸੀ। ਘਰ ਚਲਾਉਣ ਲਈ ਉਨ੍ਹਾਂ ਨੇ ਇਕ ਸਿਗਰਟ ਫੈਕਟਰੀ 'ਚ ਕੰਮ ਕੀਤਾ ਆਪਣੀ ਖੁਦ ਦੀ ਬਿਸਕੁਟ ਫੈਕਟਰੀ ਖੋਲ੍ਹੀ ਪਰ ਕੁਝ ਵੀ ਕੰਮ ਨਾ ਆਇਆ। ਜਦੋਂ ਉਹ ਪਟਨਾ 'ਚ ਬੱਸ ਪਰਮਿਟ ਲਈ ਕਮਿਸ਼ਨਰ ਨੂੰ ਮਿਲਣ ਗਏ ਤਾਂ ਕਮਿਸ਼ਨਰ ਨੇ ਉਨ੍ਹਾਂ ਤੋਂ ਆਜ਼ਾਦੀ ਘੁਲਾਟੀਏ ਹੋਣ ਦਾ ਸਰਟੀਫਿਕੇਟ ਵੀ ਮੰਗਿਆ। 1964 'ਚ ਬਟੁਕੇਸ਼ਵਰ ਦੱਤ ਗੰਭੀਰ ਬਿਮਾਰ ਹੋ ਗਏ। ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ। ਉਨ੍ਹਾਂ ਨੇ 20 ਜੁਲਾਈ 1965 ਨੂੰ ਏਮਜ਼ ਦਿੱਲੀ ਵਿਖੇ ਆਖਰੀ ਸਾਹ ਲਏ।
ਬਾਕੀ ਤੁਹਾਡੇ 'ਤੇ ਛੱਡ ਦਿੰਦੇ ਹਾਂ ਕਿ ਜੇ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਦਿੱਤਾ ਜਾਂਦਾ ਤਾਂ ਕੀ ਹੁੰਦਾ। ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੇਸ਼ 'ਚ ਆਜ਼ਾਦੀ ਤੋਂ ਬਾਅਦ ਜਿੰਦਾ ਰਹਿਣ ਵਾਲੇ ਕ੍ਰਾਂਤੀਕਾਰੀਆਂ ਨਾਲ ਕੀ ਸਲੂਕ ਕੀਤਾ ਗਿਆ ਸੀ। ਇਸ ਲਈ ਹੋਰ ਕੌਣ ਜ਼ਿੰਮੇਵਾਰ ਹੈ, ਇਹ ਇੱਕ ਲੰਮੀ ਬਹਿਸ ਹੈ, ਕਿਉਂਕਿ ਨਾ ਤਾਂ ਕੋਈ ਸਿਆਸਤਦਾਨ ਇਸ ਅਪਰਾਧ ਤੋਂ ਬਰੀ ਹੋ ਸਕਦਾ ਹੈ, ਨਾ ਅਸੀਂ ਤੇ ਨਾ ਹੀ ਤੁਸੀਂ।
ਨੋਟ - ਉੱਪਰ ਦਿੱਤੇ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ। ਇਹ ਜ਼ਰੂਰੀ ਨਹੀਂ ਹੈ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਸਬੰਧਤ ਸਾਰੇ ਦਾਅਵਿਆਂ ਜਾਂ ਇਤਰਾਜ਼ਾਂ ਲਈ ਸਿਰਫ਼ ਲੇਖਕ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: Coronavirus Updates: ਦੇਸ਼ 'ਚ 201 ਦਿਨ ਬਾਅਦ 20 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਮਿਲੇ, ਪਿਛਲੇ 24 ਘੰਟਿਆਂ 'ਚ 179 ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin