ਨਵੀਂ ਦਿੱਲੀ: ਜੇਕਰ ਪਤਨੀ ਨੇ ਪਤੀ 'ਤੇ ਹੱਥ ਚੁੱਕਿਆ ਹੈ ਤੇ ਪਤੀ ਇਸ ਦਾ ਬਹਾਨਾ ਬਣਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਵਿੱਚ ਪਤਨੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ। ਇਹ ਹੁਕਮ ਦਿੱਲੀ ਹਾਈਕੋਰਟ ਨੇ ਪਤਨੀ ਨੂੰ ਪਤੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚੋਂ ਦੋਸ਼ ਮੁਕਤ ਕਰਾਰ ਦਿੰਦਿਆਂ ਸੁਣਾਇਆ ਹੈ।

ਜਸਟਿਸ ਸੰਜੀਵ ਸਚਦੇਵਾ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਕੋਈ ਕਥਿਤ ਥੱਪੜ ਦੀ ਘਟਨਾ ਨੂੰ ਉਕਸਾਊ ਮੰਨਦਾ ਹੈ ਤਾਂ ਮਾਰਨ ਵਾਲੇ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵਿਅਕਤੀ ਇਸ ਘਟਨਾ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਵੇ। ਉਨ੍ਹਾਂ ਸੁਣਵਾਈ ਦੌਰਾਨ ਕਿਹਾ ਕਿ ਲੋਕਾਂ ਦੀ ਹਾਜ਼ਰੀ ਵਿੱਚ ਪਤਨੀ ਵੱਲੋਂ ਪਤੀ ਨੂੰ ਥੱਪੜ ਮਾਰਨ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਨਹੀਂ ਹੋਵੇਗਾ।

ਜ਼ਿਕਰਯੋਗ ਹੈ ਕਿ 25 ਫਰਵਰੀ 2015 ਨੂੰ ਦੋਵਾਂ ਦਾ ਵਿਆਹ ਹੋਇਆ ਸੀ ਤੇ ਦੋਵੇਂ ਦੇ ਘਰ ਇੱਕ ਧੀ ਨੇ ਵੀ ਜਨਮ ਲਿਆ। ਵਿਵਾਦ ਹੋਣ 'ਤੇ ਔਰਤ ਆਪਣੇ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ। ਦੋ ਅਗਸਤ 2015 ਨੂੰ ਉਸ ਦੇ ਪਤੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ। ਪਤੀ ਦੇ ਬਿਸਤਰੇ 'ਤੇ ਕਥਿਤ ਸੁਸਾਈਡ ਨੋਟ ਮਿਲਿਆ ਸੀ ਜਿਸ ਦੇ ਆਧਾਰ 'ਤੇ ਪੁਲਿਸ ਨੇ ਪਤਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ।