ਨਵੀਂ ਦਿੱਲ਼ੀ: ਦੇਸ਼ ’ਚ ਇਨ੍ਹੀਂ ਦਿਨੀਂ ਲਵ ਜੇਹਾਦ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਭਖਿਆ ਹੋਇਆ ਹੈ। ਮੱਧ ਪ੍ਰਦੇਸ਼ ’ਚ ਸ਼ਿਵਰਾਜ ਚੌਹਾਨ ਦੀ ਸਰਕਾਰ ਲਵ ਜੇਹਾਦ ਉੱਤੇ ਕਾਨੂੰਨ ਲਿਆਉਣ ਦਾ ਐਲਾਨ ਕਰ ਚੁੱਕੀ ਹੈ। ਇਸ ਕਾਨੂੰਨ ਵਿੱਚ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਮੱਧ ਪ੍ਰਦੇਸ਼ ਵਾਂਗ ਦੇਸ਼ ਵਿੱਚ ਕਈ ਹੋਰ ਸੂਬੇ ਵੀ ਲਵ-ਜੇਹਾਦ ਬਾਰੇ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੇ ਹਨ ਪਰ ਕੀ ਦੋ ਵੱਖੋ-ਵੱਖਰੇ ਧਰਮਾਂ ਦੇ ਲੜਕੇ-ਲੜਕੀ ਦੇ ਵਿਆਹ ਲਈ ਧਰਮ ਬਦਲਣਾ ਜ਼ਰੂਰੀ ਹੈ?
ਲਵ ਜੇਹਾਦ ਵਿਰੁੱਧ ਉੱਤਰ ਪ੍ਰਦੇਸ਼, ਹਰਿਆਣਾ ਤੇ ਕਰਨਾਟਕ ’ਚ ਕਾਨੂੰਨ ਲਿਆਉਣ ਦੀ ਗੱਲ ਆਖੀ ਜਾ ਚੁੱਕੀ ਹੈ। ਉੱਧਰ ਬਿਹਾਰ ’ਚ ਵੀ ਲਵ ਜੇਹਾਦ ਵਿਰੁੱਧ ਕਾਨੂੰਨ ਲਿਆਉਣ ਦੀ ਆਵਾਜ਼ ਉੱਠ ਚੁੱਕੀ ਹੈ। ਆਮ ਤੌਰ ’ਤੇ ਲਵ ਜੇਹਾਦ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਮੁਸਲਿਮ ਮਰਦ, ਗ਼ੈਰ ਮੁਸਲਿਮ ਕੁੜੀਆਂ ਨਾਲ ਪਿਆਰ ਦਾ ਨਾਟਕ ਕਰਦਾ ਹੈ ਤੇ ਫਿਰ ਉਨ੍ਹਾਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਦਾ ਧਰਮ ਇਸਲਾਮ ਵਿੱਚ ਤਬਦੀਲ ਕਰਵਾ ਦਿੰਦਾ ਹੈ।
ਭਾਰਤ ’ਚ ਸਪੈਸ਼ਲ ਮੈਰਿਜ ਐਕਟ 1954 ਹੈ; ਜਿਸ ਅਧੀਨ ਦੋ ਵੱਖੋ-ਵੱਖਰੇ ਧਰਮਾਂ ਦੇ ਲੜਕਾ ਤੇ ਲੜਕੀ ਬਿਨਾ ਆਪਣਾ ਧਰਮ ਬਦਲਿਆਂ ਵਿਆਹ ਰਚਾ ਸਕਦੇ ਹਨ ਤੇ ਕਿਸੇ ਨੂੰ ਵੀ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ ਤੇ ਉਨ੍ਹਾਂ ਦਾ ਵਿਆਹ ਰਜਿਸਟਰਡ ਵੀ ਹੋਵੇਗਾ।
ਹਿੰਦੂ ਮੈਰਿਜ ਐਕਟ-1955 ਅਧੀਨ ਵਿਆਹ ਤਦ ਹੀ ਵੈਧ ਮੰਨਿਆ ਜਾਵੇਗਾ, ਜੇ ਲੜਕਾ ਤੇ ਲੜਕੀ ਦੋਵੇਂ ਹਿੰਦੂ ਹੋਣ। ਇੰਝ ਹੀ ਮੁਸਲਿਮ ਵਿਆਹ ਕਾਨੂੰਨ ਅਨੁਸਾਰ ਲੜਕੇ ਤੇ ਲੜਕੀ ਦੋਵਾਂ ਦਾ ਮੁਸਲਿਮ ਹੋਣਾ ਜ਼ਰੂਰੀ ਹੈ। ਉਂਝ ਇਹ ਕਾਨੂੰਨ ਮੁਸਲਿਮ ਮਰਦਾਂ ਨੂੰ ਯਹੂਦੀ ਤੇ ਈਸਾਈ ਔਰਤਾਂ ਨਾਲ ਨਿਕਾਹ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਕੋਈ ਮੁਸਲਿਮ ਔਰਤ ਕਿਸੇ ਯਹੂਦੀ ਤੇ ਈਸਾਈ ਮਰਦ ਨਾਲ ਵਿਆਹ ਨਹੀਂ ਕਰ ਸਕਦੀ।