ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਐਲਾਨ ਹੋਣ ਵਿੱਚ ਤਿੰਨ ਹੀ ਮਹੀਨੇ ਬਚੇ ਹਨ। ਪਿਛਲੇ ਇੱਕ ਸਾਲ ਵਿੱਚ ਪੰਜ ਵੱਡੇ ਸੂਬੇ ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਭਾਜਪਾ ਨੂੰ ਮਿਲੀਆਂ ਸੀਟਾਂ ਤੋਂ ਉਨ੍ਹਾਂ 16 ਸੂਬਿਆਂ ਬਾਰੇ ਅੰਦਾਜ਼ਾ ਲਾਈਏ, ਜਿੱਥੇ ਭਾਜਪਾ-ਕਾਂਗਰਸ ਦੀ ਸਿੱਧੀ ਟੱਕਰ ਹੈ ਤਾਂ ਪਤਾ ਲੱਗਦਾ ਹੈ ਕਿ ਭਾਜਪਾ 422 ਵਿੱਚੋਂ 155-165 ਸੀਟਾਂ ਹੀ ਜਿੱਤ ਸਕਦੀ ਹੈ। ਭਾਵ ਉਸ ਨੂੰ 120 ਸੀਟਾਂ ਦਾ ਨੁਸਾਨ ਹੋ ਸਕਦਾ ਹੈ।
ਉੱਥੇ ਹੀ ਕਾਂਗਰਸ ਇੱਥੇ ਗੱਠਜੋੜ ਕਰਕੇ 145 ਤੋਂ 150 ਸੀਟਾਂ ਹੋਰ ਜਿੱਤ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਤਾਜ਼ਾ ਵੋਟਾਂ ਵਾਲੇ ਸੂਬੇ ਹਮੇਸ਼ਾ ਤੋਂ ਹੀ ਭਾਜਪਾ ਤੇ ਕਾਂਗਰਸ ਦੇ ਗੜ੍ਹ ਰਹੇ ਹਨ। ਇੱਥੇ ਪਿਛਲੇ 30 ਸਾਲਾਂ ਤੋਂ ਇਨ੍ਹਾਂ ਹੀ ਦੋਵੇਂ ਪਾਰਟੀਆਂ ਦਰਮਿਆਨ ਸਿੱਧਾ ਮੁਕਾਬਲਾ ਹੁੰਦਾ ਆ ਰਿਹਾ ਹੈ। ਇਨ੍ਹਾਂ ਪੰਜਾਂ ਸੂਬਿਆਂ ਵਿੱਚ 119 ਲੋਕ ਸਭਾ ਹਲਕੇ ਆਉਂਦੇ ਹਨ, ਜਿੱਥੋਂ ਸਾਲ 2014 ਵਿੱਚ ਭਾਜਪਾ ਨੂੰ 105 ਸੀਟਾਂ ਮਿਲੀਆਂ ਸਨ, ਜਦਕਿ ਕਾਂਗਰਸ ਸਿਰਫ਼ 11 ਸੀਟਾਂ 'ਤੇ ਹੀ ਸੁੰਗੜ ਗਈ ਸੀ। ਮੌਜੂਦਾ ਟ੍ਰੈਂਡ ਦੇਖੀਏ ਤਾਂ ਕਾਂਗਰਸ ਨੂੰ ਇਨ੍ਹਾਂ ਸੂਬਿਆਂ ਵਿੱਚੋਂ 60 ਸੀਟਾਂ ਮਿਲ ਸਕਦੀਆਂ ਹਨ।
ਜੇਕਰ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਝਾਰਖੰਡ, ਦਿੱਲੀ, ਹਰਿਆਣਾ ਸਮੇਤ ਜਿਨ੍ਹਾਂ 16 ਸੂਬਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉੱਥੇ ਦੇਸ਼ ਦੀਆਂ 422 ਲੋਕ ਸਭਾ ਸੀਟਾਂ ਹਨ ਤੇ 78% ਸੰਸਦ ਮੈਂਬਰ ਇੱਥੋਂ ਹੀ ਆਉਂਦੇ ਹਨ। ਸਾਲ 2014 ਵਿੱਚ ਐਨਡੀਏ ਨੂੰ ਇਨ੍ਹਾਂ ਸੂਬਿਆਂ ਵਿੱਚੋਂ 295 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 266 ਲੋਕ ਸਭਾ ਮੈਂਬਰ ਭਾਜਪਾ ਦੇ ਸਨ।
ਇਵੇਂ ਹੀ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ 65 ਲੋਕ ਸਭਾ ਹਲਕੇ ਹਨ ਤੇ ਪਿਛਲੀਆਂ ਚੋਣਾਂ ਦੌਰਾਨ ਭਾਜਪਾ ਨੇ ਇੱਥੋਂ 62 ਸੀਟਾਂ ਜਿੱਤੀਆਂ ਸਨ ਤੇ ਸਿਰਫ਼ ਤਿੰਨ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਸਨ। ਉਦੋਂ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਸੂਬਿਆਂ ਵਿੱਚ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਸੀ। ਹੁਣ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਦੀਆਂ ਸੀਟਾਂ ਤਿੰਨ ਤੋਂ ਵਧ ਕੇ 37 ਤਕ ਪਹੁੰਚਣ ਦੀ ਆਸ ਹੈ।