ਸ੍ਰੀਨਗਰ: ਪਾਕਿਸਤਾਨ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਐਲਓਸੀ ‘ਤੇ ਗੋਲ਼ੀਬਾਰੀ ‘ਚ ਉਸ ਨੇ ਸੀਮਾ ਪਾਰ ਪੰਜ ਜਵਾਨਾਂ ਨੂੰ ਮਾਰ ਦਿੱਤਾ ਹੈ। ਭਾਰਤੀ ਸੈਨਾ ਨੇ ਇਸ ਦਾਅਵੇ ਨੂੰ ਕਾਲਪਨਿਕ ਕਿਹਾ ਹੈ। ਪਾਕਿਸਤਾਨ ਸੈਨਾ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਕਿ ਸਰਹੱਦ ਪਾਰ ਤੋਂ ਗੋਲ਼ੀਬਾਰੀ ਪਿੱਛੇ ਭਾਰਤ ਦਾ ਮਕਸਦ ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣਾ ਹੈ।


ਉਨ੍ਹਾਂ ਕਿਹਾ ਕਿ ਇਸ ਗੋਲ਼ੀਬਾਰੀ ‘ਚ ਪਾਕਿ ਦੇ ਤਿੰਨ ਸੈਨਿਕ ਮਾਰੇ ਗੲ ਹਨ। ਗਫੂਰ ਨੇ ਟਵੀਟ ਕਰ ਇਲਜ਼ਾਮ ਲਾਇਆ ਕਿ ਭਾਰਤੀ ਸੈਨਾ ਨੇ ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣ ਲਈ ਐਲਓਸੀ ‘ਤੇ ਫਾਈਰਿੰਗ ਸ਼ੁਰੂ ਕੀਤੀ। ਉਸ ਦਾ ਦਾਅਵਾ ਹੈ ਕਿ ਕਈ ਬੰਕਰਾਂ ਨੂੰ ਨੁਕਸਾਨ ਹੋਇਆ ਹੈ ਤੇ ਲਗਾਤਾਰ ਫਾਈਰਿੰਗ ਹੋ ਰਹੀ ਹੈ।


ਪਾਕਿਸਤਾਨ ਦੇ ਇਸ ਦਾਅਵੇ ਨੂੰ ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀ ਨੇ ਕਾਲਪਨਿਕ ਕਿਹਾ ਹੈ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਐਲਓਸੀ ‘ਤੇ ਪਾਕਿ ਦੀ ਸੈਨਾ ਦੀ ਤਾਇਨਾਤੀ ਵਧਣ ਦੀਆਂ ਖ਼ਬਰਾਂ ਆਈਆਂ ਹਨ। ਸੈਨਾ ਨੂੰ ਪਾਕਿ ਦੇ ਕਿਸੇ ਵੀ ਕਾਰਵਾਈ ਨਾਲ ਨਜਿੱਠਣ ਲਈ ਹਾਈ ਅਲਰਟ ‘ਤੇ ਰੱਖਿਆ ਹੈ।