ਨਵੀਂ ਦਿੱਲੀ: ਭਾਰਤ ਵਿਚ ਚੀਨੀ ਰਾਜਦੂਤ ਸੁਨ ਵੇਦੋਂਗ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ-ਚੀਨ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਮੰਦਭਾਗਾ ਦੱਸਿਆ ਹੈ। ਸਿਨੋ-ਇੰਡੀਆ ਯੂਥ ਵੈਬਿਨਾਰ ਵਿਚ ਚੀਨੀ ਰਾਜਦੂਤ ਨੇ ਕਿਹਾ, “ਕੁਝ ਸਮਾਂ ਪਹਿਲਾਂ ਸਰਹੱਦੀ ਇਲਾਕਿਆਂ ਵਿਚ ਮੰਦਭਾਗੀ ਘਟਨਾ ਵਾਪਰੀ, ਜਿਸ ਨੂੰ ਨਾ ਤਾਂ ਚੀਨ ਅਤੇ ਨਾ ਹੀ ਭਾਰਤ ਦੇਖਣਾ ਚਾਹੇਗਾ। ਹੁਣ ਅਸੀਂ ਇਸ ਮਾਮਲੇ ਨੂੰ ਸਹੀ ਢੰਗ ਨਾਲ ਸੁਲਝਾਉਣ ਲਈ ਕੰਮ ਕਰ ਰਹੇ ਹਾਂ।"


ਚੀਨੀ ਰਾਜਦੂਤ ਸਨ ਵੇਦੋਂਗ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਣਾ ਚਾਹੀਦਾ ਹੈ, ਨਾ ਕਿ ਇਸ ਨੂੰ ਵਿਗਾੜਨਾ ਚਾਹੀਦਾ ਹੈ। ਦੋਵਾਂ ਦੇਸ਼ਾਂ ਵਿਚ ਦੁਵੱਲੇ ਸਬੰਧਾਂ ਨੂੰ ਵਧੀਆ ਢੰਗ ਨਾਲ ਸੰਭਾਲਣ ਦੀ ਸੂਝ ਅਤੇ ਕਾਬਲੀਅਤ ਹੈ। ਜੇ ਕੋਈ ਮਤਭੇਦ ਹੈ, ਤਾਂ ਇਸ ਨੂੰ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਦੋਵਾਂ ਦੇਸ਼ਾਂ ਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਅਤੇ ਵਿਵਾਦ ਤੋਂ ਬਚਣਾ ਚਾਹੀਦਾ ਹੈ।

ਦੱਸ ਦਈਏ ਕਿ 74ਵੇਂ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮ-ਨਿਰਭਰ ਬਣਨ ਲਈ ਜ਼ੋਰ ਦਿੱਤਾ ਸੀ। ਜਿਸ ਕਰਕੇ ਚੀਨ ਦੀ ਫਿਕਰ ਵਧ ਗਈ ਹੈ। ਚੀਨੀ ਰਾਜਦੂਤ ਨੇ ਕਿਹਾ, "ਕੋਈ ਵੀ ਦੇਸ਼ ਪੂਰੀ ਦੁਨੀਆਂ ਤੋਂ ਵੱਖਰੇ ਵਿਕਾਸ ਨਹੀਂ ਕਰ ਸਕਦਾ। ਸਾਨੂੰ ਸਵੈ-ਨਿਰਭਰਤਾ ਅਤੇ ਬਾਹਰੀ ਦੁਨੀਆਂ ਲਈ ਆਪਣੇ ਹੱਥ ਖੁੱਲ੍ਹੇ ਰੱਖਣੇ ਚਾਹੀਦੇ ਹਨ। ਉਦੋਂ ਹੀ ਦੇਸ਼ ਦਾ ਵਿਕਾਸ ਹੋਰ ਵਧੀਆ ਹੋ ਸਕਦਾ ਹੈ।"

ਰਾਜਦੂਤ ਨੇ ਕਿਹਾ, “ਚੀਨ ਕਈ ਸਾਲਾਂ ਤੋਂ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ। ਇਸ ਤੋਂ ਇਲਾਵਾ, ਭਾਰਤ ਦੱਖਣੀ ਏਸ਼ੀਆ ਵਿੱਚ ਚੀਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਹੈ। ਦੋਵਾਂ ਦੇਸ਼ਾਂ ਦੀ ਆਰਥਿਕਤਾ ਆਪਸ ਵਿੱਚ ਜੁੜੀ ਹੋਈ ਹੈ। ਇਨ੍ਹਾਂ ਦੋਵਾਂ ਅਰਥਚਾਰਿਆਂ ਨੂੰ ਚੁੰਬਕ ਵਾਂਗ ਇੱਕ-ਦੂਜੇ ਨੂੰ ਆਕਰਸ਼ਤ ਕਰਨਾ ਚਾਹੀਦਾ ਹੈ, ਜ਼ਬਰਦਸਤੀ ਵੱਖ ਨਹੀਂ ਕਰਨਾ ਚਾਹੀਦਾ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904