ਨਵੀਂ ਦਿੱਲੀ: ਭਾਰਤ ਨੂੰ ਫਰਾਂਸ ਤੋਂ ਹੁਣ ਤੱਕ ਤਿੰਨ ਰਾਫੇਲ ਜਹਾਜ਼ ਮਿਲ ਚੁੱਕੇ ਹਨ। ਸਰਕਾਰ ਨੇ ਅੱਜ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਤਿੰਨ ਰਾਫੇਲ ਜਹਾਜ਼ ਭਾਰਤ ਨੂੰ ਸੌਂਪੇ ਗਏ ਹਨ। ਉਨ੍ਹਾਂ ਦੀ ਵਰਤੋਂ ਫਰਾਂਸ ਵਿੱਚ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਤੇ ਟੈਕਨੀਸ਼ੀਅਨ ਨੂੰ ਸਿਖਲਾਈ ਦੇਣ ਲਈ ਕੀਤੀ ਜਾ ਰਹੀ ਹੈ।


ਰੱਖਿਆ ਮੰਤਰੀ ਰਾਜਨਾਥ ਸਿੰਘ ਖ਼ੁਦ ਫਰਾਂਸ ਗਏ ਤੇ ਪਹਿਲਾ ਰਾਫੇਲ ਜਹਾਜ਼ ਪ੍ਰਾਪਤ ਕੀਤਾ ਸੀ। 8 ਅਕਤੂਬਰ ਨੂੰ ਰਾਜਨਾਥ ਸਿੰਘ ਨੂੰ ਫਰਾਂਸ ਦੇ ਮਰੀਨੇਕ ਏਅਰਬੇਸ 'ਤੇ ਰਾਫੇਲ ਜਹਾਜ਼ ਮਿਲਿਆ। ਇੰਨਾ ਹੀ ਨਹੀਂ, ਰਾਫੇਲ ਮਿਲਣ ਤੋਂ ਬਾਅਦ ਰਾਜਨਾਥ ਸਿੰਘ ਨੇ ਇਸ ਵਿੱਚ ਉਡਾਣ ਵੀ ਭਰੀ।


ਜ਼ਾਹਿਰ ਹੈ ਕਿ ਸਾਲ 2016 ਵਿੱਚ ਭਾਰਤ ਤੇ ਫਰਾਂਸ ਵਿਚਾਲੇ 36 ਰਾਫੇਲ ਜਹਾਜ਼ ਸੌਦੇ 'ਤੇ ਦਸਤਖਤ ਕੀਤੇ ਗਏ ਸੀ। ਇਹ ਸਾਰੇ ਰਾਫੇਲ ਜਹਾਜ਼ ਸਾਲ 2022 ਤੱਕ ਭਾਰਤ ਪਹੁੰਚ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਮਈ 2020 ਤੱਕ ਰਾਫੇਲ ਭਾਰਤ ਦੇ ਜੰਗੀ ਬੇੜੇ ਵਿੱਚ ਸ਼ਾਮਲ ਹੋ ਜਾਣਗੇ। ਇਹ ਏਅਰ-ਟੂ-ਏਅਰ ਮਿਜ਼ਾਈਲ ਮਾਈਕਾ ਨਾਲ ਵੀ ਲੈਸ ਹਨ। ਇਸ ਦੇ ਨਾਲ ਹੀ ਕਰੂਜ਼ ਮਿਜ਼ਾਈਲਾਂ ਵੀ ਇਸ ਵਿੱਚ ਲੱਗੀਆਂ ਹੋਈਆਂ ਹਨ।