ਨਵੀਂ ਦਿੱਲੀ: ਵਰਲਡ ਫ਼ੂਡ ਇੰਡੀਆ ਪ੍ਰੋਗਰਾਮ ਵਿੱਚ ਅੱਜ ਗਿੰਨੀਜ਼ ਰਿਕਾਰਡ ਬਣਾਇਆ ਗਿਆ ਹੈ। ਭਾਰਤ ਦੇ ਮਸ਼ਹੂਰ ਸ਼ੈਫ ਸੰਜੀਵ ਕਪੂਰ ਦੀ ਸਰਪ੍ਰਸਤੀ ਹੇਠ ਇਹ ਰਿਕਾਰਡ ਬਣਾਇਆ ਗਿਆ ਹੈ। ਸੰਜੀਵ ਕਪੂਰ ਦੀ ਟੀਮ ਨੇ ਲਗਭਗ 8 ਤੋਂ 10 ਹਜ਼ਾਰ ਲੋਕਾਂ ਲਈ ਇੱਕੋ ਵੇਲੇ ਖਿਚੜੀ ਪਕਾਈ ਹੈ। ਜਾਣਕਾਰੀ ਮੁਤਾਬਿਕ ਯੋਗ ਗੁਰੂ ਸਵਾਮੀ ਰਾਮਦੇਵ ਨੇ ਵੀ ਇਸ ਖਿਚੜੀ ਵਿੱਚ ਵਿਸ਼ੇਸ਼ ਤੜਕਾ ਲਗਾਇਆ ਹੈ।

ਏ.ਬੀ.ਪੀ. ਨਿਊਜ਼ ਨਾਲ ਖਾਸ ਗੱਲਬਾਤ ਵਿੱਚ ਕਪੂਰ ਨੇ ਇਸ ਗੱਲ ਦਾ ਪਹਿਲਾਂ ਖੁਲਾਸਾ ਤਾਂ ਨਹੀਂ ਸੀ ਕੀਤਾ ਕਿ ਕਿੰਨੀ ਮਾਤਰਾ ਵਿੱਚ ਖਿਚੜੀ ਬਣੇਗੀ ਪਰ ਮੰਨਿਆ ਜਾ ਰਿਹਾ ਸੀ ਕਿ ਕਰੀਬ 800 ਤੋਂ 1000 ਕਿੱਲੋ ਦੇ ਕੱਚੇ ਅਨਾਜ਼ ਨਾਲ ਖਿਚੜੀ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਂਅ ਦਰਜ ਕਰਵਾਉਣਗੇ।

ਅੱਜ ਇੰਡੀਆ ਗੇਟ 'ਤੇ ਹੋਏ ਇਸ ਸਮਾਗਮ ਵਿੱਚ ਕੁੱਲ 1100 ਕਿੱਲੋ ਖਿਚੜੀ ਤਿਆਰ ਕੀਤੀ ਗਈ ਹੈ। ਇਸ ਵਿੱਚ ਮਸਾਲਿਆਂ ਤੋਂ ਇਲਾਵਾ ਚੌਲ, ਬਾਜਰਾ, ਰਾਗੀ ਅਨਾਜ ਦੇ ਨਾਲ-ਨਾਲ 100 ਕਿੱਲੋ ਘਿਓ ਦੀ ਵਰਤੋਂ ਕੀਤੀ ਗਈ ਹੈ।

ਖਿਚੜੀ ਬਣਾਉਣ ਦੀ ਪ੍ਰਕਿਰਿਆ ਰਾਤ ਵਿੱਚ ਹੀ ਸ਼ੁਰੂ ਹੋ ਗਈ ਸੀ, ਜਿਸ ਨੂੰ ਲੋਕਾਂ ਲਈ ਸ਼ਨੀਵਾਰ ਦੀ ਦੁਪਿਹਰ ਤਕ ਵਿਖਾਇਆ ਗਿਆ ਤੇ ਪੂਰਾ ਕੀਤਾ ਗਿਆ। ਪੂਰੀ ਪ੍ਰਕਿਰਿਆ ਦੇ ਦੌਰਾਨ ਗਿਨੀਜ਼ ਬੁੱਕ ਦੇ ਅਧਿਕਾਰੀ ਵੀ ਮੌਜੂਦ ਸਨ।

ਖਿਚੜੀ ਬਣਾਉਣ ਲਈ ਸਟੀਲ ਦੀ ਬਣੀ ਹੋਈ ਇੱਕ ਵੱਡੀ ਹਾਂਡੀ ਤਿਆਰ ਕੀਤੀ ਗਈ ਹੈ ਅਤੇ ਬਾਲਣ ਦੇ ਤੌਰ 'ਤੇ ਸਟੀਮ ਯਾਨੀ ਭਾਫ ਦੀ ਵਰਤੋਂ ਕੀਤੀ ਗਈ। ਸੰਜੀਵ ਕਪੂਰ ਨੇ ਦੱਸਿਆ ਕਿ ਖਿਚੜੀ ਦੀ ਇਸਤੇਮਾਲ ਇੱਕ ਐਨ.ਜੀ.ਓ. ਰਾਹੀਂ ਮਿਡ-ਡੇਅ-ਮੀਲ ਦੇ ਲਾਭਪਾਤਰੀ ਬੱਚਿਆਂ ਵਿੱਚ ਵੰਡਣ ਲਈ ਕੀਤਾ ਜਾਵੇਗਾ। ਇਸ ਪਕਵਾਨ ਨੂੰ ਬਣਾਉਣ ਲਈ ਚਾਵਲ ਅਤੇ ਦਾਲ ਤੋਂ ਇਲਾਵਾ ਦੇਸ਼ ਭਰ ਦੇ ਵੱਖ-ਵੱਖ ਮਸਾਲੇ ਅਤੇ ਸਾਮਾਨ ਦੀ ਵਰਤੋਂ ਕੀਤੀ ਗਈ ਹੈ।

ਇਸ ਕੋਸ਼ਿਸ਼ ਦਾ ਮਕਸਦ "ਖਿਚੜੀ ਨੂੰ ਬ੍ਰਾਂਡ ਇੰਡੀਆ" ਦੇ ਰੂਪ ਵਿੱਚ ਅੰਤਰਾਸ਼ਟਰੀ ਪੱਧਰ 'ਤੇ ਮਸ਼ਹੂਰ ਬਣਾਉਣ ਅਤੇ ਲੋਕਾਂ ਵਿੱਚ ਭਾਰਤੀ ਭੋਜਨ ਉਤਪਾਦਾਂ ਦੇ ਪ੍ਰਤੀ ਰੁਝਾਨ ਪੈਦਾ ਕਰਨਾ ਰਿਹਾ। ਸਮਾਗਮ ਵਿੱਚ ਕੇਂਦਰੀ ਫੂਡ ਪ੍ਰੌਸੈੱਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ।