India-Pak War: ਭਾਰਤੀ ਹਮਲਿਆਂ ਮਗਰੋਂ ਪਾਕਿਸਤਾਨ ਦਾ ਵੱਡਾ ਐਲਾਨ, ਵਿਦੇਸ਼ਾਂ ਤੋਂ ਮੰਗੀ ਮਦਦ
India-Pak War: ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਅਮਰੀਕਾ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਨ ਮਗਰੋਂ ਦੋਵੇਂ ਮੁਲਕ ਇੱਕ-ਦੂਜੇ ਉਪਰ ਹਮਲਾਵਰ ਹੋ ਗਏ ਹਨ। ਲੰਘੀ ਰਾਤ ਦੋਵਾਂ ਮੁਲਕਾਂ ਨੇ ਇੱਕ-ਦੂਜੇ

India-Pak War: ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਅਮਰੀਕਾ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਨ ਮਗਰੋਂ ਦੋਵੇਂ ਮੁਲਕ ਇੱਕ-ਦੂਜੇ ਉਪਰ ਹਮਲਾਵਰ ਹੋ ਗਏ ਹਨ। ਲੰਘੀ ਰਾਤ ਦੋਵਾਂ ਮੁਲਕਾਂ ਨੇ ਇੱਕ-ਦੂਜੇ ਉਪਰ ਤਾਬੜਤੋੜ ਹਮਲੇ ਕੀਤੇ। ਦੋਵੇਂ ਮੁਲਕਾਂ ਵੱਲੋਂ ਨੁਕਸਾਨ ਦੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਭਾਰਤ ਅਗਲੇ ਦਿਨਾਂ ਵਿੱਚ ਪਾਕਿਸਤਾਨ ਉਪਰ ਤਿੱਖੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਪਾਕਿਸਤਾਨ ਨੇ ਦੁਨੀਆ ਦੇ ਦੇਸ਼ਾਂ ਤੋਂ ਮਦਦ ਮੰਗੀ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਅਲ ਜਜ਼ੀਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੀਆਂ ਕਾਰਵਾਈਆਂ ਕਾਰਨ ਹਾਲਾਤ ਵਿਗੜਨਗੇ। ਉਨ੍ਹਾਂ ਕਿਹਾ ਕਿ 'ਹੁਣ ਮੈਨੂੰ ਕੋਈ ਸ਼ੱਕ ਨਹੀਂ ਕਿ ਹਾਲਾਤ ਵਿਗੜਨ ਵਾਲੇ ਹਨ, ਕਿਉਂਕਿ ਭਾਰਤ ਲਗਾਤਾਰ ਸਾਡੀ ਜ਼ਮੀਨ 'ਤੇ ਹਮਲਾ ਕਰ ਰਿਹਾ ਹੈ ਤੇ ਅੱਜ ਡ੍ਰੋਨ ਨਾਲ ਪੂਰੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।' ਖਵਾਜਾ ਆਸਿਫ ਨੇ ਕਿਹਾ, 'ਪਹਿਲਾਂ ਵੀ ਉਨ੍ਹਾਂ ਨੇ ਲਗਪਗ 78 ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ ਸੀ, ਜਿਨ੍ਹਾਂ ਵਿੱਚੋਂ ਸਾਡੀ ਹਵਾਈ ਸੈਨਾ ਨੇ 5 ਜੈੱਟਾਂ ਨੂੰ ਡੇਗ ਦਿੱਤਾ ਸੀ। ਇਹ ਸਭ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਹੈ।'
ਉਨ੍ਹਾਂ ਕਿਹਾ, 'ਅਸੀਂ ਸਥਿਤੀ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ, ਪਰ ਭਾਰਤ ਦੇ ਲਗਾਤਾਰ ਹਮਲੇ ਸਾਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਕਰ ਰਹੇ ਹਨ। ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਇਹ ਟਕਰਾਅ ਹੋਰ ਵਧੇਗਾ। ਇਹ ਝੜਪਾਂ LOC ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਰਹੱਦ ਦੋਵਾਂ 'ਤੇ ਹੋ ਸਕਦੀਆਂ ਹਨ।' ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਜੰਗ ਦੌਰਾਨ ਸਹਿਯੋਗੀਆਂ ਨੂੰ ਹੋਰ ਕਰਜ਼ੇ ਦੇਣ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਅੰਤਰਰਾਸ਼ਟਰੀ ਸਹਿਯੋਗੀਆਂ ਨੂੰ ਵਧਦੀ ਜੰਗ ਤੇ ਡਿੱਗਦੇ ਸਟਾਕ ਵਿਚਕਾਰ ਮਦਦ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੀ ਆਰਥਿਕਤਾ ਪਹਿਲਾਂ ਹੀ ਸੰਕਟ ਵਿੱਚ ਹੈ। ਮਈ 2025 ਤੱਕ ਇਸ ਕੋਲ ਸਿਰਫ਼ 15.25 ਬਿਲੀਅਨ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜਦੋਂਕਿ ਇਸ ਨੇ ਅਗਲੇ 12 ਮਹੀਨਿਆਂ ਵਿੱਚ 30 ਬਿਲੀਅਨ ਡਾਲਰ ਦਾ ਵਿਦੇਸ਼ੀ ਕਰਜ਼ਾ ਚੁਕਾਉਣਾ ਹੈ।
ਉਧਰ, ਪਾਕਿਸਤਾਨੀ ਫੌਜ ਨੇ ਪੀਓਕੇ ਵਿੱਚ ਇੱਕ ਭਾਰਤੀ ਕਵਾਡਕਾਪਟਰ (ਡ੍ਰੋਨ) ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਪਾਕਿ ਫੌਜ ਦੇ ਅਨੁਸਾਰ ਕਵਾਡਕਾਪਟਰ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ, ਜਿਸ ਨੂੰ ਸਵੇਰੇ 4 ਵਜੇ ਦੇ ਕਰੀਬ ਤਬਾਹ ਕਰ ਦਿੱਤਾ ਗਿਆ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਹਾਜੀ ਪੀਰ ਤੇ ਪਾਂਡੋ ਸੈਕਟਰਾਂ ਵਿੱਚ ਭਾਰਤੀ ਸੈਨਿਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਇੱਥੇ ਭਾਰਤੀ ਫੌਜ ਦੀਆਂ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨੰਗਾ ਟੁਕ ਵਿੱਚ ਵੀ ਬਟਾਲੀਅਨ ਨੂੰ ਬਹੁਤ ਨੁਕਸਾਨ ਹੋਇਆ ਹੈ।






















