ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (AMCA) ਦੇ ਡਿਜ਼ਾਈਨ ਤੇ ਪ੍ਰੋਟੋਟਾਈਪ ਵਿਕਾਸ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਦੀ ਸੁਰੱਖਿਆ ਬਾਰੇ ਕਮੇਟੀ (CCS) ਤੋਂ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਸੋਮਵਾਰ ਨੂੰ ਰਾਜ ਸਭਾ 'ਚ ਇਸ ਪ੍ਰਾਜੈਕਟ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ।

ਆਪਣੀ ਹਵਾਈ ਸਮਰੱਥਾ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਲਈ ਭਾਰਤ ਉੱਨਤ ਵਿਸ਼ੇਸ਼ਤਾਵਾਂ ਦੇ ਨਾਲ ਪੰਜਵੀਂ ਪੀੜ੍ਹੀ ਦੇ ਮੱਧਮ ਭਾਰ ਵਾਲੇ ਲੜਾਕੂ ਜਹਾਜ਼ ਨੂੰ ਵਿਕਸਤ ਕਰਨ ਲਈ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ। ਪ੍ਰੋਜੈਕਟ 'ਤੇ ਸ਼ੁਰੂਆਤੀ ਅਨੁਮਾਨਿਤ ਖਰਚ 1500 ਕਰੋੜ ਰੁਪਏ ਹੈ। ਵਰਤਮਾਨ ਵਿੱਚ ਅਮਰੀਕਾ, ਰੂਸ ਅਤੇ ਚੀਨ ਵਰਗੇ ਕੁਝ ਚੋਣਵੇਂ ਦੇਸ਼ਾਂ ਕੋਲ ਦੁਨੀਆ ਵਿੱਚ ਪੰਜਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ ਹਨ।

ਭੱਟ ਨੇ ਰਾਜ ਸਭਾ ਨੂੰ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ ਹਵਾਈ ਹਾਦਸਿਆਂ ਵਿੱਚ 42 ਰੱਖਿਆ ਕਰਮੀ ਆਪਣੀ ਜਾਨ ਗੁਆ ਚੁੱਕੇ ਹਨ। ਸਦਨ ਵਿੱਚ ਰੱਖੇ ਵੇਰਵਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ 45 ਜਹਾਜ਼ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਹਵਾਈ ਸੈਨਾ ਦੇ 29 ਹਾਦਸੇ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ 2017 ਤੋਂ ਲੈ ਕੇ ਹੁਣ ਤੱਕ 156 ਫੌਜੀ ਅਤੇ ਤਿੰਨ ਹਵਾਈ ਫੌਜ ਦੇ ਜਵਾਨ ਅੱਤਵਾਦੀ ਹਮਲਿਆਂ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ 'ਚ ਕੁਰਬਾਨ ਹੋਏ ਹਨ। ਇੱਕ ਸਵਾਲ ਦੇ ਜਵਾਬ ਵਿੱਚ ਰੱਖਿਆ ਰਾਜ ਮੰਤਰੀ ਨੇ ਕਿਹਾ ਕਿ 2010 ਤੋਂ ਲੈ ਕੇ ਹੁਣ ਤੱਕ ਰੱਖਿਆ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਦੇ ਕੁੱਲ 1080 ਮਾਮਲੇ ਸਾਹਮਣੇ ਆਏ ਹਨ। ਸਾਲ 2013 ਤੋਂ 2021 ਦਰਮਿਆਨ ਹਵਾਈ ਸੈਨਾ ਤੋਂ 29, ਜਲ ਸੈਨਾ ਤੋਂ ਪੰਜ ਅਤੇ ਫੌਜ ਤੋਂ 1046 ਮਾਮਲੇ ਸਾਹਮਣੇ ਆਏ ਹਨ।

9600 ਸਕੂਲਾਂ ਨੂੰ ਅਟਲ ਇਨੋਵੇਸ਼ਨ ਮਿਸ਼ਨ ਵੱਲੋਂ ਵਿੱਤੀ ਮਦਦ ਮਿਲੀ

ਯੋਜਨਾ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਇੱਕ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਦੱਸਿਆ ਕਿ ਸਰਕਾਰ ਦੇ ਥਿੰਕ ਟੈਂਕ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਨੇ ਹੁਣ ਤੱਕ ਦੇਸ਼ ਦੇ 720 ਤੋਂ ਵੱਧ ਜ਼ਿਲ੍ਹਿਆਂ ਵਿੱਚ 9,606 ਸਕੂਲਾਂ ਨੂੰ ਅਟਲ ਟਿੰਕਰਿੰਗ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। 

ਭਾਰਤ ਵਿੱਚ ਸਿਰਫ਼ 87 ਵਿਦੇਸ਼ੀ ਪਾਇਲਟ ਹੀ ਕੰਮ ਕਰਦੇ ਹਨ


ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਲਗਭਗ 9000 ਪਾਇਲਟਾਂ ਵਿੱਚੋਂ ਸਿਰਫ਼ 87 ਵਿਦੇਸ਼ੀ ਪਾਇਲਟ ਵੱਖ-ਵੱਖ ਭਾਰਤੀ ਏਅਰਲਾਈਨਾਂ ਵਿੱਚ ਕੰਮ ਕਰ ਰਹੇ ਹਨ। ਦੇਸ਼ ਵਿੱਚ ਪਾਇਲਟਾਂ ਦੀ ਕੋਈ ਕਮੀ ਨਹੀਂ ਹੈ। ਕੁਝ ਕਿਸਮ ਦੇ ਜਹਾਜ਼ਾਂ 'ਤੇ ਕਮਾਂਡਰਾਂ ਦੀ ਘਾਟ ਹੈ।