ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਆਈ ਹੈ, ਜਿਸ ਨੇ ਭਾਰਤੀ ਸਰਕਾਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਇਹ ਸੂਚੀ ਸਮੁੱਚੇ ਸੰਸਾਰ ਵਿੱਚ ਪ੍ਰਵਾਸ ਕਰਨ ਵਾਲੇ ਚੋਟੀ ਦੇ ਦੇਸ਼ਾਂ ਬਾਰੇ ਤਿਆਰ ਕੀਤੀ ਗਈ ਹੈ ਤੇ ਭਾਰਤ ਇਸ ਵਿੱਚ ਸਿਖਰ 'ਤੇ ਹੈ। ਯੂ.ਐਨ. ਦੀ ਰਿਪੋਰਟ ਮੁਤਾਬਕ ਪੂਰੇ ਵਿਸ਼ਵ ਵਿੱਚ ਤਕਰੀਬਨ 17 ਮਿਲੀਅਨ ਭਾਰਤੀ ਲੋਕਾਂ ਨੇ ਪ੍ਰਵਾਸ ਕੀਤਾ ਹੈ। ਇਨ੍ਹਾਂ ਵਿੱਚ 5 ਮਿਲੀਅਨ ਭਾਰਤੀ ਖਾੜੀ ਦੇ ਦੇਸ਼ਾਂ (ਗਲਫ ਕੰਟ੍ਰੀਜ਼) ਵਿੱਚ ਪ੍ਰਵਾਸ ਕਰ ਚੁੱਕੇ ਹਨ।


ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਪ੍ਰਵਾਸ ਰਿਪੋਰਟ 2017 ਵਿੱਚ ਇਹ ਖੁਲਾਸਾ ਹੋਇਆ ਹੈ ਕਿ ਮੈਕਸੀਕੋ, ਰਸ਼ੀਆ, ਚੀਨ, ਬੰਗਲਾਦੇਸ਼, ਸੀਰੀਆ, ਪਾਕਿਸਤਾਨ ਤੇ ਯੂਕ੍ਰੇਨ ਜਿਹੇ ਦੇਸ਼ਾਂ ਵਿੱਚ ਵੀ ਵੱਡੇ ਪੱਧਰ 'ਤੇ ਪ੍ਰਵਾਸ ਹੋਇਆ ਹੈ। ਭਾਰਤ ਦੇ 17 ਮਿਲੀਅਨ ਪ੍ਰਵਾਸੀਆਂ ਤੋਂ ਬਾਅਦ ਮੈਕਸੀਕੋ ਦਾ ਨੰਬਰ ਆਉਂਦਾ ਹੈ, ਜਿੱਥੋਂ ਦੇ 13 ਮਿਲੀਅਨ ਲੋਕ ਪ੍ਰਵਾਸ ਕਰ ਚੁੱਕੇ ਹਨ।

ਰਿਪੋਟਰ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਹੁਣ ਪੂਰੇ ਸੰਸਾਰ ਵਿੱਚ ਤਕਰੀਬਨ 258 ਮਿਲੀਅਨ ਲੋਕ ਅਜਿਹੇ ਵੱਸਦੇ ਹਨ ਜਿਨ੍ਹਾਂ ਦਾ ਜਨਮਸਥਾਨ ਉਨ੍ਹਾਂ ਦੇ ਮੌਜੂਦਾ ਦੇਸ਼ ਤੋਂ ਵੱਖਰਾ ਹੈ। ਇਸ ਵਰਤਾਰੇ ਵਿੱਚ 2000 ਤੋਂ ਬਾਅਦ 49 ਫ਼ੀ ਸਦੀ ਵਾਧਾ ਹੋਇਆ ਹੈ। ਰਿਪੋਰਟ ਦੱਸਦੀ ਹੈ ਕਿ ਇਸ ਕੌਮਾਂਤਰੀ ਪ੍ਰਵਾਸ ਕਾਰਨ 2030 ਸਾਰਥਕ ਵਿਕਾਸ ਦੇ ਏਜੰਡੇ ਨੂੰ ਲਾਗੂ ਕਰਨ ਦੇ ਰਾਹ ਵਿੱਚ ਵੱਡੀ ਚੁਣੌਤੀ ਬਣ ਗਿਆ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2000 ਤੋਂ 2015 ਦਰਮਿਆਨ ਜਿੱਥੇ ਉੱਤਰੀ ਅਮਰੀਕਾ ਦੀ ਵਸੋਂ ਵਿੱਚ 42 ਫ਼ੀ ਸਦੀ ਤੇ ਓਸ਼ੀਨੀਆ ਵਿੱਚ 31 ਫ਼ੀ ਸਦੀ ਵਾਧਾ ਸਿਰਫ਼ ਪ੍ਰਵਾਸ ਕਾਰਨ ਹੋਇਆ ਹੈ। ਉੱਥੇ ਹੀ ਯੂਰਪ ਵਿੱਚ ਪ੍ਰਵਾਸ ਦੀ ਗ਼ੈਰ ਮੌਜੂਦਗੀ ਕਾਰਨ ਇਸ ਕਾਲ ਦੌਰਾਨ ਕੁੱਲ ਜਨਸਿੰਖਿਆ ਵਿੱਚ ਘਾਟਾ ਵੇਖਿਆ ਗਿਆ ਹੋਵੇਗਾ।