ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕੋਲੰਬੀਆ ਯੂਨੀਵਰਸੀਟੀ ‘ਚ ਲੈਕਚਰ ਦੌਰਾਨ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਕਾਰਜਕਾਲ ਸਰਕਾਰੀ ਬੈਂਕਾਂ ਲਈ ਸਭ ਤੋਂ ਖ਼ਰਾਬ ਦੌਰ ਸੀ। ਉਸ ਸਮੇਂ ਕਰੀਬੀ ਨੇਤਾਵਾਂ ਨੂੰ ਫੋਨ ‘ਤੇ ਲੋਨ ਦੇ ਦਿੱਤਾ ਜਾਂਦਾ ਸੀ। ਸੀਤਾਰਮਨ ਨੇ ਕਿਹਾ ਕਿ ਹੁਣ ਸਾਰੀਆਂ ਸਰਕਾਰੀ ਬੈਂਕਾਂ ਦੀ ਮਦਦ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵੀਰੀ ਹੈ।


ਯਾਦ ਰਹੇ ਅੇ ਕੁਝ ਦਿਨ ਪਹਿਲਾਂ ਹੀ ਵਿੱਤ ਮੰਤਰੀ ਸੀਤਾਰਮਨ ਦੇ ਪਤੀ ਤੇ ਬੁੱਧੀਜੀਵੀ ਪਰਕਲਾ ਪ੍ਰਭਾਕਰ ਨੇ ਅੰਗਰੇਜ਼ੀ ਅਖ਼ਬਾਰ ਵਿੱਚ ਲੇਖ ਲਿਖ ਕੇ ਮੋਦੀ ਸਰਕਾਰ ਨੂੰ ਸਾਬਕਾ ਪੀਵੀ ਨਰਸਿਮ੍ਹਾ ਰਾਓ ਤੇ ਡਾ. ਮਨਮੋਹਨ ਸਿੰਘ ਸਰਕਾਰ ਦੇ ਆਰਥਿਕ ਮਾਡਲ ਨੂੰ ਅਪਨਾਉਣ ਦੀ ਸਲਾਹ ਦਿੱਤੀ ਸੀ। ਪ੍ਰਭਾਕਰ ਨੇ ਆਪਣੇ ਲੇਖ ‘ਚ ਸਾਲ 1991 ‘ਚ ਵਿਗੜੀ ਅਰਥਵਿਵਸਥਾ ਦਾ ਵੀ ਜ਼ਿਕਰ ਕੀਤਾ ਹੈ। ਨਰਸਿਮ੍ਹਾ ਸਰਕਾਰ ‘ਚ ਡਾ. ਮਨਮੋਹਨ ਸਿੰਘ ਵਿੱਤ ਮੰਤਰੀ ਸੀ।

ਦਰਅਸਲ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਪਿਛਲੇ ਦਿਨੀਂ ਇੱਕ ਲੈਕਚਰ ‘ਚ ਕਿਹਾ ਸੀ ਕਿ ਨਰਿੰਦਰ ਮੋਦੀ ਸਰਕਾਰ ਨੇ ਪਹਿਲੇ ਕਾਰਜਕਾਲ ‘ਚ ਅਰਥ-ਵਿਵਸਥਾ ਲਈ ਚੰਗਾ ਕੰਮ ਨਹੀਂ ਕੀਤਾ ਕਿਉਂਕਿ ਸਰਕਾਰ ਪੂਰੀ ਤਰ੍ਹਾਂ ਕੇਂਦਰਤ ਸੀ। ਅਜਿਹਾ ਨਹੀਂ ਲੱਗਦਾ ਕਿ ਆਰਥਿਕ ਵਿਕਾਸ ਦਰ ਹਾਸਲ ਕਰਨ ਲਈ ਸਰਕਾਰ ਦਾ ਨਜ਼ਰੀਆ ਇੱਕ ਜਿਹਾ ਤੇ ਸਾਫ ਜ਼ਾਹਿਰ ਹੈ।

ਇਸ ਦੇ ਜਵਾਬ 'ਚ ਸੀਤਾਰਮਨ ਨੇ ਕਿਹਾ, “ਮੈਂ ਸ਼ੁਕਰਗੁਜ਼ਾਰ ਹਾਂ ਕਿ ਰਾਜਨ ਨੇ ਅਸੈਟ ਕਵਾਲਿਟੀ ਰਿਵਿਊ ਕੀਤਾ, ਪਰ ਲੋਕ ਜਾਣਦੇ ਹਨ ਕਿ ਬੈਂਕਾਂ ਦੀ ਅੱਜ ਜੋ ਹਾਲਤ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਨੇ ਕਿਹਾ ਕਿ ਮੈਂ ਰਘੁਰਾਮ ਦਾ ਸਨਮਾਨ ਕਰਦੀ ਹਾਂ ਪਰ ਉਨ੍ਹਾਂ ਨੂੰ ਅਜਿਹੇ ਸਮੇਂ ਆਰਬੀਆਈ ਦਾ ਗਵਰਨਰ ਬਣਾਇਆ ਗਿਆ ਜਿਸ ਸਮੇਂ ਭਾਰਤੀ ਅਰਥ-ਵਿਵਸਥਾ ਬਿਹਤਰ ਸੀ।