ਨਵੀਂ ਦਿੱਲੀ-ਭਾਰਤ ਦੇ ਕੇਵਲ 101 ਅਰਬਪਤੀਆਂ ਕੋਲ ਦੇਸ਼ ਦੀ ਕੁੱਲ ਪੂੰਜੀ ਦਾ 15 ਫੀਸਦੀ ਹਿੱਸਾ ਹੈ। ਇਹ ਗੱਲ ਔਕਸਫ਼ਾਮ ਇੰਡੀਆ ਦੀ ਰਿਪੋਰਟ 'ਚ ਆਖੀ ਗਈ ਹੈ। ਇਸ 'ਚ ਕਿਹਾ ਗਿਆ ਕਿ ਭਾਰਤ 'ਚ ਧਨੀ ਵਿਅਕਤੀਆਂ ਕੋਲ ਦੌਲਤ ਦਾ ਇਕ ਵੱਡਾ ਹਿੱਸਾ ਹੈ ਜੋ ਕਿ ਇਨ੍ਹਾਂ ਦੇ ਪੂਜੀਵਾਦੀਆਂ ਨਾਲ ਸਬੰਧਾਂ ਅਤੇ ਵਿਰਾਸਤੀ ਰੂਪ 'ਚ ਇਕੱਠਾ ਕੀਤਾ ਗਿਆ ਹੈ ਜਦ ਕਿ ਹੇਠਲੇ ਪੱਧਰ ਦੇ ਲੋਕ ਹੋਰ ਗਰੀਬ ਹੋ ਰਹੇ ਹਨ।

ਔਕਸਫ਼ਾਮ ਇੰਡੀਆ ਦੇ ਸੀ.ਈ.ਓ. ਨਿਸ਼ਾ ਅਗਰਵਾਲ ਨੇ ਕਿਹਾ ਕਿ ਇਹ ਅਰਥਿਕ ਅਸਮਾਨਤਾਵਾਂ 1991 'ਚ ਉਦਾਰੀਕਰਨ ਦੇ ਦੌਰਾਨ ਆਪਣਾਏ ਗਏ ਸੁਧਾਰਾਂ ਦੇ ਪੈਕੇਜ ਦਾ ਨਤੀਜਾ ਹਨ ਅਤੇ ਬਾਅਦ 'ਚ ਵੀ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਰਹੀਆਂ।
ਰਿਪੋਰਟ ਦੇ ਤਾਜ਼ਾ ਸਰਵੇ ਅਨੁਸਾਰ ਕੁੱਲ ਪੂੰਜੀ ਦਾ 15 ਫ਼ੀਸਦੀ ਹਿੱਸਾ ਕੇਵਲ ਦੇਸ਼ ਦੇ 101 ਅਰਬਪਤੀਆਂ ਕੋਲ ਹੈ ਅਤੇ ਇਸ ਦਾ 10 ਫ਼ੀਸਦੀ ਵਾਧਾ ਪਿਛਲੇ 5 ਸਾਲਾਂ 'ਚ ਹੋਇਆ ਹੈ।
'ਭਾਰਤ 'ਚ ਆਰਥਿਕ ਅਸਮਾਨਤਾ ਰਿਪੋਰਟ-2018' 'ਚ ਦੱਸਿਆ ਗਿਆ ਕਿ ਸਾਡਾ ਦੇਸ਼ ਦੁਨੀਆ ਭਰ ਦੇ ਮੁੱਖ ਆਰਥਿਕ ਅਸਮਾਨਤਾ ਵਾਲੇ ਦੇਸ਼ਾਂ 'ਚ ਆਮਦਨ, ਖਪਤ, ਪੂੰਜੀ ਆਦਿ ਸਾਰੇ ਮਾਪਦੰਡਾਂ 'ਤੇ ਸ਼ੁਮਾਰ ਹੋ ਰਿਹਾ ਹੈ ਅਤੇ ਇਸ ਪਿੱਛੇ ਸਰਕਾਰਾਂ ਦੀਆਂ ਲਗਾਤਾਰ ਢਿੱਲ-ਮੱਠ ਵਾਲੀਆਂ ਨੀਤੀਆਂ ਜਿੰਮੇਵਾਰ ਹਨ। ਸਰਕਾਰ ਦੀਆਂ ਢਿੱਲ-ਮੱਠ ਵਾਲੀਆਂ ਨੀਤੀਆਂ ਕਾਰਨ ਕਾਰਨ ਭਾਰਤ 'ਚ ਤਿੰਨ ਦਹਾਕਿਆਂ ਤੋਂ ਆਰਥਿਕ ਅਸਮਾਨਤਾ ਲਗਾਤਾਰ ਵਧ ਰਹੀ ਹੈ।