ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਨੇ ਨੈਸ਼ਨਲ ਏਅਰੋਨਾਟੀਕਲ ਲੈਬੋਰੇਟਰੀ (ਐਨ ਏ ਐਲ) ਤੋਂ 15 ਹਲਕੇ ਟਰਾਂਸਪੋਰਟ ਜਹਾਜ਼ ਸਾਰਸ ਐਮ ਕੇ-2 ਖਰੀਦਣ ਦਾ ਫੈਸਲਾ ਕੀਤਾ ਹੈ।
ਭਾਰਤ ਸਰਕਰ ਦੀ ਐਨ ਏ ਐਲ ਵੱਲੋਂ ਬਣਾਏ ਗਏ ਇਨ੍ਹਾਂ ਜਹਾਜ਼ਾਂ ਦੇ ਇਸ ਰੂਪ ਦਾ ਅਜੇ ਨਿਰੀਖਣ ਕੀਤਾ ਜਾ ਰਿਹਾ ਹੈ।  ਬੈਂਗਲੂਰੂ ਵਿੱਚ ਇਸ ਦਾ ਸਫਲ ਨਿਰੀਖਣ ਕੀਤਾ ਗਿਆ। ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀ ਐਸ ਆਈ ਆਰ) ਦੇ ਅਨੁਸਾਰ ਇਸ ਮੌਕੇ ਹਵਾਈ ਫੌਜ ਨੇ 15 ਜਹਾਜ਼ ਖਰੀਦਣ ਦੀ ਵਚਨਬੱਧਤਾ ਪ੍ਰਗਟਾਈ ਹੈ।

ਇਸ ਸੰਬੰਧ ਵਿੱਚ ਵਿਗਿਆਨ ਅਤੇ ਤਕਨੀਕ ਮੰਤਰੀ ਡਾ. ਹਰਸ਼ਵਰਧਨ ਦੇ ਨਾਲ ਐਨ ਏ ਐਲ ਅਤੇ ਸੀ ਐਸ ਆਈ ਆਰ ਦੇ ਸੀਨੀਅਰ ਅਧਿਕਾਰੀ ਵੀ ਨਿਰੀਖਣ ਸਮੇਂ ਮੌਜੂਦ ਸਨ। ਐਨ ਏ ਐਲ ਸੀ ਐਸ ਆਈ ਆਰ ਦੀ ਪ੍ਰਯੋਗਸ਼ਾਲਾ ਹੈ।

ਨਿਰੀਖਣ ਦੌਰਾਨ ਹਵਾਈ ਸੈਨਾ ਵੱਲੋਂ ਏਅਰ ਵਾਇਸ ਮਾਰਸ਼ਲ ਸੰਦੀਪ ਸਿੰਘ ਨੇ ਕਿਹਾ, ‘ਭਾਰਤੀ ਹਵਾਈ ਸੈਨਾ ਸਵਦੇਸ਼ ਵਿੱਚ ਡਿਜ਼ਾਈਨ ਕੀਤੇ ਗਏ ਅਤੇ ਬਣਾਏ ਗਏ ਪਹਿਲੇ ਹਲਕੇ ਟਰਾਂਸਪੋਰਟ ਜਹਾਜ਼ ਦੇ ਨਿਰੀਖਣ ਅਤੇ ਉਸ ਦੇ ਬਾਅਦ ਉਸ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹੈ।’