ਬੈਂਗਕੌਕ: ਥਾਈਲੈਂਡ ਦੇ ਬੈਂਗਕੌਕ ਦੇ ਰਚੇਥਵੀ ਜ਼ਿਲ੍ਹੇ ਵਿੱਚ ਦੋ ਗੁਟਾਂ ਵਿਚਤਾਰ ਖ਼ੂਨੀ ਝੜਪ ਹੋ ਗਈ, ਜਿਸ ਦੌਰਾਨ ਦੋ ਸੈਲਾਨੀਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਮ੍ਰਿਤਕਾਂ ਤੇ ਜ਼ਖ਼ਮੀਆਂ ਵਿੱਚ ਭਾਰਤੀ ਵੀ ਸ਼ਾਮਲ ਹਨ। ਮ੍ਰਿਤਕ ਭਾਰਤੀ ਦੀ ਸ਼ਨਾਖ਼ਤ 42 ਸਾਲਾ ਗਖਰੇਜਰ ਧੀਰਜ ਵਜੋਂ ਹੋਈ ਹੈ, ਜਦਕਿ ਦੂਜਾ ਮ੍ਰਿਤਕ ਲਾਓ ਦਾ ਰਹਿਣ ਵਾਲਾ ਨੌਜਵਾਨ ਹੈ। ਪੁਲਿਸ ਨੂੰ ਮੌਕੇ ਤੋਂ ਏਕੇ-47 ਵਿੱਚੋਂ ਚੱਲੀਆਂ ਗੋਲ਼ੀਆਂ ਦੇ ਕਈ ਖੋਲ੍ਹ ਵੀ ਬਰਾਮਦ ਹੋਏ ਹਨ।
ਐਤਵਾਰ ਨੂੰ ਕੇਂਦਰੀ ਬੈਂਗਕੌਕ ਦੇ ਰਚੇਥਵੀ ਜ਼ਿਲ੍ਹੇ ਦੇ ਸੈਂਟਾਰਾ ਵਾਟਰਗੇਟ ਪੈਵੇਲੀਅਨ ਹੋਟਲ ਦੇ ਬਾਹਰ ਇਹ ਘਟਨਾ ਵਾਪਰੀ। ਸੈਲਾਨੀ ਇੱਥੇ ਭਾਰਤੀ ਰੇਸਤਰਾਂ ਵਿੱਚ ਖਾਣਾ ਖਾ ਕੇ ਆਪਣੀਆਂ ਬੱਸਾਂ ਦੀ ਉਡੀਕ ਕਰ ਰਹੇ ਸਨ ਕਿ ਦੋ ਥਾਈ ਗੁਟਾਂ ਵੱਲੋਂ ਕੀਤੀ ਗੋਲ਼ੀਬਾਰੀ ਦੀ ਲਪੇਟ ਵਿੱਚ ਆ ਗਏ। ਗੋਲ਼ੀਬਾਰੀ ਵਿੱਚ ਤਿੰਨ ਭਾਰਤੀ, ਦੋ ਲਾਓ ਤੇ ਦੋ ਸਥਾਨਕ ਨਾਗਰਿਕ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਪਹੁੰਚ ਕੇ ਇੱਕ ਭਾਰਤੀ ਤੇ ਇੱਕ ਲਾਓ ਨਾਗਰਿਕ ਦੀ ਮੌਤ ਹੋ ਗਈ।
ਪੁਲਿਸ ਦੇ ਮੇਜਰ ਜਨਰਲ ਸੇਨਿਟ ਸਾਮਾਰਾਰਨ ਸਮਰੂਆਜਕਿਤ ਨੇ ਦੱਸਿਆ ਕਿ ਪ੍ਰਤੱਖਦਰਸ਼ੀਆਂ ਮੁਤਾਬਕ ਦੋਵੇਂ ਗੈਂਗਾਂ ਦੇ ਤਕਰੀਬਨ 20 ਕੁ ਬੰਦੇ ਪਿਸਤੌਲ, ਚਾਕੂ ਤੇ ਸੋਟੀਆਂ ਨਾਲ ਲੈਸ ਹੋ ਕੇ ਕਲੱਬ ਵਿੱਚੋਂ ਭੱਜਦੇ ਹੋਏ ਬਾਹਰ ਗਲੀ ਵਿੱਚ ਆਏ ਸਨ ਤੇ ਉੱਥੇ ਮੌਜੂਦ ਤਿੰਨ ਵਿਅਕਤੀਆਂ ਨੇ ਗੋਲ਼ੀਬਾਰੀ ਕਰ ਦਿੱਤੀ। ਸਾਰੇ ਜਣੇ ਪੁਲਿਸ ਦੇ ਆਉਣ ਤੋਂ ਪਹਿਲਾਂ ਫਰਾਰ ਹੋ ਗਏ। ਪੁਲਿਸ ਰੌਂਦਾਂ ਦੇ ਖੋਲਾਂ ਤੋਂ ਹਥਿਆਰਾਂ ਦੀ ਪਛਾਣ ਕਰ ਰਹੀ ਹੈ।