ਨਾਲੰਦਾ: ਅੱਜ ਦੇਸ਼ ਵਿੱਚ ਹਿੰਦੂ-ਮੁਸਲਿਮ ਦਰਮਿਆਨ ਫਿਰਕੂ ਤਣਾਅ ਦੀ ਸਥਿਤੀ ਹੈ ਪਰ ਉੱਥੇ ਹੀ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਇੱਕ ਪਿੰਡ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਇਹ ਜਾਣ ਕੇ ਲਗਪਗ ਹਰ ਕੋਈ ਹੈਰਾਨ ਹੈ ਕਿ ਇਸ ਪਿੰਡ ਵਿੱਚ ਇੱਕ ਵੀ ਮੁਸਲਿਮ ਪਰਿਵਾਰ ਨਹੀਂ, ਪਰ ਇੱਥੋਂ ਦੀ ਮਸਜਿਦ ਵਿੱਚ ਨਿਯਮ ਅਨੁਸਾਰ ਪੰਜ ਵਾਰ ਨਮਾਜ਼ ਅਦਾ ਕੀਤੀ ਜਾਂਦੀ ਹੈ ਤੇ ਅਜ਼ਾਨ ਹੁੰਦੀ ਹੈ। ਇਹ ਸਭ ਕੁਝ ਹਿੰਦੂ ਭਾਈਚਾਰੇ ਦੇ ਲੋਕ ਕਰ ਰਹੇ ਹਨ।



ਨਾਲੰਦਾ ਜ਼ਿਲ੍ਹੇ ਦੇ ਬੇਨ ਬਲਾਕ ਦੇ ਮਾੜੀ ਪਿੰਡ ਵਿੱਚ ਸਿਰਫ਼ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ ਪਰ ਇੱਥੇ ਇੱਕ ਮਸਜਿਦ ਵੀ ਹੈ ਤੇ ਇਸ ਮਸਜਿਦ ਨੂੰ ਮੁਸਲਮਾਨਾਂ ਦੀ ਅਣਹੋਂਦ ਵਿੱਚ ਅਣਗੌਲਿਆ ਨਹੀਂ ਕੀਤਾ, ਬਲਕਿ ਹਿੰਦੂ ਭਾਈਚਾਰਾ ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ, ਇੱਥੇ ਪੰਜ ਵਾਰ ਨਮਾਜ਼ ਅਦਾ ਕਰਨ ਦਾ ਪ੍ਰਬੰਧ ਕਰਦਾ ਹੈ। ਮਸਜਿਦ ਦੀ ਸਾਂਭ-ਸੰਭਾਲ, ਰੰਗਾਈ ਤੇ ਪੇਂਟਿੰਗ ਦੀ ਜ਼ਿੰਮੇਵਾਰੀ ਵੀ ਹਿੰਦੂਆਂ ਨੇ ਚੁੱਕੀ ਹੈ।

ਸਥਾਨਕ ਲੋਕ ਦੱਸਦੇ ਹਨ ਕਿ ਕਈ ਸਾਲ ਪਹਿਲਾਂ ਇੱਥੇ ਮੁਸਲਿਮ ਪਰਿਵਾਰ ਰਹਿੰਦੇ ਸਨ, ਪਰ ਹੌਲੀ-ਹੌਲੀ ਉਹ ਚਲੇ ਗਏ ਤੇ ਉਨ੍ਹਾਂ ਦੀ ਮਸਜਿਦ ਇਸ ਪਿੰਡ ਵਿੱਚ ਹੀ ਰਹਿ ਗਈ। ਇਸ ਮਸਜਿਦ ਨੂੰ ਕਦੋਂ ਤੇ ਕਿਸ ਨੇ ਬਣਾਇਆ ਸੀ, ਇਸ ਬਾਰੇ ਕੋਈ ਸਪੱਸ਼ਟ ਸਬੂਤ ਨਹੀਂ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖਿਆਂ ਨੇ ਜੋ ਕਿਹਾ, ਉਸ ਅਨੁਸਾਰ ਇਹ ਲਗਪਗ 200-250 ਸਾਲ ਪੁਰਾਣੀ ਹੈ। ਮਸਜਿਦ ਦੇ ਸਾਹਮਣੇ ਇਕ ਮਕਬਰਾ ਵੀ ਹੈ, ਜਿਸ 'ਤੇ ਲੋਕ ਚਾਦਰਪੋਸ਼ੀ ਕਰਦੇ ਹਨ।

ਪਿੰਡ ਦੇ ਬਜ਼ੁਰਗ ਜਾਨਕੀ ਪੰਡਿਤ ਨੇ ਦੱਸਿਆ ਕਿ ਇਸ ਪਿੰਡ ਵਿੱਚ ਕਦੇ ਵੀ ਦੰਗਿਆਂ ਦਾ ਸੇਕ ਨਹੀਂ ਲੱਗਾ। ਇਸ ਪਿੰਡ ਵਿੱਚ ਦੋਵੇਂ ਭਾਈਚਾਰਿਆਂ ਦੇ ਲੋਕ ਬੜੀ ਸ਼ਰਧਾ ਨਾਲ ਰਹਿੰਦੇ ਸਨ। ਮਸਜਿਦ ਵਿੱਚ ਮੌਜੂਦ ਇੱਕ ਪੱਥਰ ਬਾਰੇ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਜੇਕਰ ਪਿੰਡ ਵਿੱਚ ਕਿਸੇ ਵਿਅਕਤੀ ਨੂੰ ਗਲਫੂਗੀ ਦੀ ਬਿਮਾਰੀ ਹੈ ਤਾਂ ਉਹ ਮਸਜਿਦ ਵਿੱਚ ਮੌਜੂਦ ਪੱਥਰ ਨੂੰ ਰਗੜ ਕੇ ਉਸ ਵਿੱਚ ਪਾਣੀ ਪਾ ਕੇ ਆਪਣੇ ਗਲਾਂ ’ਤੇ ਲਗਾ ਲੈਂਦਾ ਹੈ। ਇਸ ਨਾਲ ਉਸ ਦੀ ਬਿਮਾਰੀ ਠੀਕ ਹੋ ਜਾਂਦੀ ਹੈ।