ਨਵੀਂ ਦਿੱਲੀ : ਕਦੇ ਕਰੋੜਾਂ 'ਚ ਖੇਡਣ ਵਾਲੀ ਇੰਦਰਾਣੀ ਮੁਖਰਜੀ ਕੋਲ ਜ਼ਮਾਨਤ ਲਈ 2 ਲੱਖ ਰੁਪਏ ਨਹੀਂ ਹਨ। ਦਰਅਸਲ, ਸ਼ੀਨਾ ਬੋਰਾ ਕਤਲ ਕੇਸ 'ਚ ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 18 ਮਈ ਨੂੰ ਇੰਦਰਾਣੀ ਮੁਖਰਜੀ ਨੂੰ 2 ਲੱਖ ਰੁਪਏ ਦੀ ਨਕਦ ਰਕਮ ਜਮਾਂ ਕਰਵਾ ਕੇ ਜ਼ਮਾਨਤ 'ਤੇ ਰਿਹਾਅ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ, ਪਰ ਪੈਸਿਆਂ ਦੀ ਸਮੱਸਿਆ ਕਾਰਨ ਉਹ ਹੁਣ ਤੱਕ ਬਾਂਡ ਦੀ ਰਕਮ ਜਮ੍ਹਾਂ ਨਹੀਂ ਕਰਵਾ ਸਕੀ ਹੈ।


ਇੰਦਰਾਣੀ ਮੁਖਰਜੀ ਨੂੰ ਅਦਾਲਤ ਨੇ 2 ਲੱਖ ਰੁਪਏ ਦੇ ਬਾਂਡ ਭਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਸੀ, ਜੋ 19 ਮਈ ਨੂੰ ਸ਼ੁਰੂ ਹੋਇਆ ਸੀ ਅਤੇ 1 ਜੂਨ ਨੂੰ ਖ਼ਤਮ ਹੋਇਆ ਸੀ। ਅਜਿਹੇ 'ਚ ਉਸ 'ਤੇ ਇਕ ਵਾਰ ਫਿਰ ਜੇਲ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਕੜੀ 'ਚ ਇੰਦਰਾਣੀ ਮੁਖਰਜੀ ਨੇ ਇਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।


ਇੰਦਰਾਣੀ ਮੁਖਰਜੀ ਦੀ ਵਕੀਲ ਸਨਾ ਰਈਸ ਖਾਨ ਨੇ ਅਦਾਲਤ ਨੂੰ ਦੱਸਿਆ ਕਿ ਫਿਲਹਾਲ ਉਹ ਜ਼ਮਾਨਤ ਬਾਂਡ ਭਰਨ ਤੋਂ ਅਸਮਰੱਥ ਹੈ, ਕਿਉਂਕਿ ਉਸ ਦਾ ਫੋਨ ਸੀਬੀਆਈ ਕੋਲ ਹੈ ਅਤੇ ਉਹ ਵੀ 6.5 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਈ ਹੈ। ਇਸ ਲਈ ਉਨ੍ਹਾਂ ਦਾ ਨਿੱਜੀ ਸੰਪਰਕ ਟੁੱਟ ਗਿਆ ਹੈ।


ਇੰਦਰਾਣੀ ਮੁਖਰਜੀ ਦੇ ਵਕੀਲ ਦਾ ਕਹਿਣਾ ਹੈ ਕਿ ਜ਼ਮਾਨਤ ਦੀ ਰਕਮ ਜਮ੍ਹਾ ਕਰਵਾਉਣ 'ਚ ਹੋਰ ਸਮਾਂ ਲੱਗੇਗਾ। ਇਸ ਲਈ ਉਸ ਨੂੰ 8 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰੀ ਵਕੀਲ ਅਭਿਨਵ ਕ੍ਰਿਸ਼ਨਾ ਨੇ ਇਸ ਆਧਾਰ 'ਤੇ ਅਰਜ਼ੀ 'ਤੇ ਸਖ਼ਤ ਇਤਰਾਜ਼ ਕੀਤਾ ਕਿ ਪਹਿਲਾਂ ਹੀ ਕਾਫ਼ੀ ਸਮਾਂ ਦਿੱਤਾ ਜਾ ਚੁੱਕਾ ਹੈ, ਸਮਾਂ ਵਧਾਉਣ ਲਈ ਕੋਈ ਉਚਿੱਤ ਕਾਰਨ ਨਹੀਂ ਦੱਸਿਆ ਗਿਆ ਹੈ ਅਤੇ ਇਸ ਲਈ ਅਰਜ਼ੀ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।


ਇਸ ਦੇ ਨਾਲ ਹੀ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਨਾਇਕ ਨਿੰਬਾਲਕਰ ਨੇ ਸਾਰੇ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਕਿਹਾ ਕਿ ਇੰਦਰਾਣੀ ਨੂੰ ਹੋਰ ਸਮਾਂ ਦਿੱਤਾ ਜਾਵੇ। ਹਾਲਾਂਕਿ ਜੱਜ ਨੇ ਕਿਹਾ ਕਿ 8 ਹਫ਼ਤੇ ਥੋੜਾ ਜ਼ਿਆਦਾ ਹੈ, ਇਸ ਲਈ 4 ਹਫ਼ਤੇ ਕਾਫ਼ੀ ਹੋਣਗੇ।