ਚੰਡੀਗੜ੍ਹ: ਕੇਰਲ ਸਰਕਾਰ ਦੀ ਆਰਥਕ ਸਲਾਹਕਾਰ ਗੀਤਾ ਗੋਪੀਨਾਥ ਨੂੰ ਸੋਮਵਾਰ ਕੌਮਾਂਤਰੀ ਮੁਦਰਾ ਕੋਸ਼ (IMF) ਦੀ ਮੁੱਖ ਅਰਥਸ਼ਾਸਤਰੀ ਨਿਯੁਕਤ ਕੀਤਾ ਗਿਆ। IMF ਦੇ ਇਸ ਅਹੁਦੇ ਤਕ ਪੁੱਜਣ ਵਾਲੀ ਗੀਤਾ ਦੂਜੀ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ।

ਗੀਤਾ ਦੀ ਨਿਯੁਕਤੀ ਦਾ ਐਲਾਨ ਕਰਦਿਆਂ IMF ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟੀਨ ਲੇਗਾਰਦੇ ਨੇ ਕਿਹਾ ਕਿ ਗੋਪੀਨਾਥ ਦੁਨੀਆਂ ਦੇ ਸਭ ਤੋਂ ਵਧੀਆ ਅਰਥ ਸ਼ਾਸਤਰੀਆਂ ਵਿੱਚੋਂ ਇਕ ਹੈ। ਉਨ੍ਹਾਂ ਦੇ ਪਿਛਲੇ ਰਿਕਾਰਡ ਬਹੁਤ ਸ਼ਾਨਦਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚੰਗਾ ਅੰਤਰਰਾਸ਼ਟਰੀ ਤਜਰਬਾ ਵੀ ਹੈ।



ਕੌਣ ਹੈ ਗੀਤਾ ਗੋਪੀਨਾਥ ?

ਗੀਤਾ ਗੋਪੀਨਾਥ ਨੇ ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਐਮਏ ਦੀ ਪੜ੍ਹਾਈ ਕੀਤੀ। ਉਹ ਹਾਰਵਰਡ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਸਟੱਡੀਜ਼ ਤੇ ਇਕਨਾਮਿਕਸ ਦੀ ਪ੍ਰੋਫੈਸਰ ਹਨ। ਗੀਤਾ ਗੋਪੀਨਾਥ ਕੇਰਲਾ ਦੇ ਮੁੱਖ ਮੰਤਰੀ ਦੀ ਆਰਥਿਕ ਸਲਾਹਕਾਰ ਵੀ ਹੈ ਤੇ ਹਾਵਰਡ ਵਿੱਚ ਪ੍ਰਕਾਸ਼ਤ ਉਨ੍ਹਾਂ ਦੇ ਜੀਵਨ ਬਾਰੇ ਲਿਖਤ ਅਨੁਸਾਰ, ਇਸ ਆਨਰੇਰੀ ਪੋਸਟ ਵਿੱਚ ਉਨ੍ਹਾਂ ਦੀ ਨਿਯੁਕਤੀ 2016 ਵਿੱਚ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਮੁੱਖ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ।

ਗੀਤਾ ਭਾਰਤ ਦੇ ਵਿੱਤ ਮੰਤਰਾਲੇ ਦੀ ਜੀ -20 ਸਲਾਹਕਾਰ ਕਮੇਟੀ ਵਿੱਚ ਮੁੱਖ ਮੈਂਬਰ ਵਜੋਂ ਸ਼ਾਮਲ ਰਹੀ ਹਨ। ਉਨ੍ਹਾਂ ਨੇ 2001 ਵਿੱਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮੈਕਰੋ ਅਰਥਸ਼ਾਸਤਰ ਤੇ ਬਿਜਨੈੱਸ ਉੱਤੇ ਕੀਤੇ ਗਏ ਖੋਜ ਤੋਂ ਅਰਥ ਸ਼ਾਸਤਰ ਵਿੱਚ ਪੀਐਚਡੀ ਹਾਸਲ ਕੀਤੀ ਹੈ। ਗੀਤਾ ਗੋਪੀਨਾਥ 2005 ਵਿੱਚ ਹਾਰਵਰਡ ਵਿੱਚ ਸ਼ਾਮਲ ਹੋਈ, ਉਸ ਤੋਂ ਪਹਿਲਾ ਉਹ ਸ਼ਿਕਾਗੋ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਸਨ। ਉਨ੍ਹਾਂ ਲੇਡੀ ਸ਼੍ਰੀ ਰਾਮ ਕਾਲਜ, ਨਵੀਂ ਦਿੱਲੀ ਤੋਂ ਆਪਣੀ ਬੈਚੂਲਰ ਡਿਗਰੀ ਪ੍ਰਾਪਤ ਕੀਤੀ ਹੈ।