ਸ੍ਰੀਨਗਰ: ਹਿਜਬੁਲ ਮੁਜਾਹਦੀਨ ਅੱਤਵਾਦੀ ਸੰਗਠਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਬਰਸੀ ਮੌਕੇ ਅੱਜ ਹਿਜਬੁਲ ਮੁਜਾਹਦੀਨ ਨੇ ਆਈਪੀਐਸ ਅਫਸਰ ਦੇ ਭਰਾ ਦੀ ਤਸਵੀਰ ਜਾਰੀ ਕਰਦਿਆਂ ਖੁਲਾਸਾ ਕੀਤਾ ਕਿ ਉਹ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਚੁੱਕਾ ਹੈ। ਇਸ ਮੌਕੇ ਹਿਜਬੁਲ ਨੇ ਦਰਜਨਾਂ ਹੋਰ ਨਵੇਂ ਭਰਤੀ ਹੋਏ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਸ਼ੌਂਪੀਆ ਦਾ 25 ਸਾਲਾ ਸ਼ਮਸੂਲ ਹਕ ਮੈਂਗਨੂ ਸ੍ਰੀਨਗਰ ਦੇ ਜ਼ਕੂਰਾ 'ਚ ਸਥਿਤ ਸਰਕਾਰੀ ਕਾਲਜ ਤੋਂ ਬੀਯੂਐਮਐਸ ਕਰ ਰਿਹਾ ਸੀ ਤੇ ਮਈ ਮਹੀਨੇ ਤੋਂ ਲਾਪਤਾ ਸੀ। ਸ਼ਮਸੂਲ ਦਾ ਵੱਡਾ ਭਰਾ ਇਨੇਮੁਲ ਹਕ 2012 ਬੈਚ ਦਾ ਆਈਪੀਐਸ ਅਫਸਰ ਹੈ।
ਪੁਲਿਸ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਮਸੂਲ ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹਦੀਨ 'ਚ ਸ਼ਾਮਲ ਹੋ ਗਿਆ ਹੈ। ਸ਼ਮਸੂਲ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਵਾਲਾ ਚੌਥਾ ਉੱਚ ਸਿੱਖਿਅਤ ਨੌਜਵਾਨ ਹੈ। ਇਸ ਸਾਲ 'ਚ ਪਹਿਲਾਂ 50 ਤੋਂ ਵੱਧ ਨੌਜਵਾਨ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋ ਚੁੱਕੇ ਹਨ।
ਤਸਵੀਰ 'ਚ ਦਿਖਾਇਆ ਗਿਆ ਹੈ ਕਿ ਸ਼ਮਸੂਲ 25 ਮਈ, 2018 ਨੂੰ ਹਿਜਬੁਲ 'ਚ ਸ਼ਾਮਲ ਹੋਇਆ ਤੇ ਉਸ ਨੇ ਮੋਢੇ 'ਤੇ ਬੰਦੂਕ ਰੱਖੀ ਹੋਈ ਹੈ। ਤਸਵੀਰ 'ਚ ਉਸ ਦਾ ਕੋਡ ਨਾਂ ਬੁਰਹਾਨ ਸਾਨੀ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਇਹ ਰੁਝਾਨ ਚੱਲ ਰਿਹਾ ਹੈ ਕਿ ਨੌਜਵਾਨ ਮੌਢਿਆਂ 'ਤੇ ਬੰਦੂਕਾਂ ਰੱਖ ਕੇ ਅੱਤਵਾਦੀ ਸੰਗਠਨ 'ਚ ਭਰਤੀ ਹੋਣ ਦੀਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹਨ।
ਜ਼ਿਕਰਯੋਗ ਹੈ ਕਿ ਸਾਲ 2016 'ਚ ਮਾਰੇ ਗਏ ਅੱਤਵਾਦੀ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ 'ਚ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।