ਨਵੀਂ ਦਿੱਲੀ: ਕੇਂਦਰੀ ਮੰਤਰੀ ਅਰੁਨ ਜੇਤਲੀ ਨੇ ਅੱਜ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ’ਤੇ ਕੋਈ ਕਟੌਤੀ ਨਹੀਂ ਕੀਤੀ ਜਾਏਗੀ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਟੈਕਸ ਇਮਾਨਦਾਰੀ ਨਾਲ ਅਦਾ ਕਰਨ ਤਾਂ ਜੋ ਦੇਸ਼ ਦੀ ਆਮਦਨ ਦੀ ਤੇਲ ਤੋਂ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ‘ਕਾਊਂਟਰ-ਪ੍ਰੋਡਕਟਿਵ’ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਤਨਖ਼ਾਹਾਂ ਲੈਣ ਵਾਲੇ ਵਰਗ ਟੈਕਸ ਦੇ ਬਕਾਇਆ ਹਿੱਸੇ ਦਾ ਭੁਗਤਾਨ ਕਰ ਦਿੰਦੇ ਹਨ ਪਰ ਹੋਰ ਵਰਗਾਂ ਨੂੰ ਆਪਣੇ ਟੈਕਸ ਭਰਨ ਦੇ ਰਿਕਾਰਡ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਸਿਆਸਤਦਾਨਾਂ ਤੇ ਰਾਏ ਬਣਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਗੈਰ ਤੇਲ ਦੇ ਵਰਗ ਵਿੱਚ ਟੈਕਸ ਦੀ ਚੋਰੀ ਬੰਦ ਹੋਣੀ ਚਾਹੀਦੀ ਹੈ। ਜੇ ਲੋਕ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਤਾਂ ਟੈਕਸੇਸ਼ਨ ਲਈ ਤੇਲ ਉਤਪਾਦਾਂ ’ਤੇ ਵੱਡੀ ਨਿਰਭਰਤਾ ਤੁਰੰਤ ਘਟ ਜਾਏਗੀ।

ਜੇਤਲੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਕੇਂਦਰ ਸਰਕਾਰ ਦੇ ਟੈਕਸ-ਜੀਡੀਪੀ ਦਾ ਅਨੁਪਾਤ 10 ਫ਼ੀਸਦੀ ਤੋਂ ਸੁਧਰ ਕੇ 11.5 ਫ਼ੀਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2017-18 ਵਿੱਚ GDP ਗੈਰ ਤੇਲ ਟੈਕਸਾਂ ਦਾ ਪੱਧਰ 9.8 ਫ਼ੀਸਦੀ ਸੀ ਤੋ 2007-08 ਤੋਂ ਸਭ ਤੋਂ ਵੱਧ ਹੈ। ਇਸੇ ਦੌਰਾਨ ਕਾਂਗਰਸੀ ਨੇਤਾ ਪੀ ਚਿਦੰਬਰਮ ਦੀ ਤੇਲ ਦੇ ਟੈਕਸ ’ਤੇ 25 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਵਾਲੀ ਟਿੱਪਣੀ ’ਤੇ ਗੱਲ ਕਰਦਿਆਂ ਕਿਹਾ ਕਿ ਇਹ ਮੁੱਦੇ ਤੋਂ ਭਟਕਾਉਣ ਵਾਲੀ ਗੱਲ ਹੈ।