ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਫਿਲਹਾਲ 200-300 ਅੱਤਵਾਦੀ ਐਕਟਿਵ ਹਨ। ਠੰਢ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਸੀਜ਼ਫਾਈਰ ਦੀ ਉਲੰਘਣਾ ਕਰਕੇ ਅੱਤਵਾਦੀਆਂ ਦੀ ਕਸ਼ਮੀਰ ‘ਚ ਘੁਸਪੈਠ ਕਰਨ ‘ਚ ਮਦਦ ਕਰਨ ਦੀ ਫਿਰਾਕ ‘ਚ ਹੈ। ਇਹ ਗੱਲ ਐਤਵਾਰ ਨੂੰ ਡੀਜੀਪੀ ਦਿਲਬਾਗ ਸਿੰਘ ਨੇ ਕਹੀ। ਉਨ੍ਹਾਂ ਮੁਤਾਬਕ ਵੱਡੀ ਗਿਣਤੀ ‘ਚ ਅੱਤਵਾਦੀ ਸੂਬੇ ‘ਚ ਦਾਖਲ ਹੋਣ ‘ਚ ਕਾਮਯਾਬ ਰਹੇ ਹਨ, ਜਦਕਿ ਕਈ ਅੱਤਵਾਦੀਆਂ ਦੀਆਂ ਕੋਸ਼ਿਸ਼ਾਂ ਨੂੰ ਸੁਰੱਖਿਆ ਬਲਾਂ ਨੇ ਨਾਕਾਮਯਾਬ ਵੀ ਕੀਤਾ ਹੈ।




ਦਿਲਬਾਗ ਸਿੰਘ ਨੇ ਕਿਹਾ, “ਕਸ਼ਮੀਰ ਤੇ ਜੰਮੂ ਦੋਵੇਂ ਖੇਤਰਾਂ ‘ਚ ਐਲਓਸੀ ‘ਤੇ ਸੀਜ਼ਫਾਈਰ ਦੀ ਉਲੰਘਣਾ ਕਰਨ ਦੀਆਂ ਕਈ ਘਟਨਾਵਾਂ ਹੋਈਆਂ। ਆਰਐਸਪੁਰਾ ਤੇ ਅੰਤਰਾਸ਼ਟਰੀ ਸੀਮਾ ‘ਤੇ ਲੱਗੇ ਹੀਰਾਨਗਰ, ਪੁਣਛ, ਰਾਜੌਰੀ, ਨਾਂਬਲਾ, ਕਰਨਾਹ ਤੇ ਕੇਰਨ ‘ਚ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਾਕਿ ਗੋਲਾਬਾਰੀ ਕਰ ਅੱਤਵਾਦੀਆਂ ਦੀ ਘੁਸਪੈਠ ‘ਚ ਮਦਦ ਕਰਨਾ ਚਾਹੁੰਦਾ ਹੈ ਪਰ ਸਾਡੇ ਵੱਲੋਂ ਪੂਰੀ ਤਿਆਰੀ ਹੈ।”




ਉਨ੍ਹਾਂ ਨੇ ਕਿਹਾ ਕਿ 29 ਸਤੰਬਰ ਤੋਂ ਗੰਦੇਰਬਲ ‘ਚ ਚਾਰ ਦਿਨਾਂ ਤਕ ਚੱਲੇ ਆਪ੍ਰੇਸ਼ਨ ‘ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਤੇ ਗੁਲਮਰਗ ਸੈਕਟਰ ਤੋਂ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਤਵਾਦੀਆਂ ਦੀ ਮੌਜੂਦਗੀ ਕੁਝ ਥਾਂਵਾਂ ‘ਤੇ ਵੇਖੀ ਗਈ ਤੇ ਉਨ੍ਹਾਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਗਈ।




ਉਧਰ ਪੁਲਿਸ ਨੇ ਐਤਵਾਰ ਨੂੰ ਬਾਰਾਮੂਲਾ ਤੋਂ ਜੈਸ਼--ਮੁਹਮੰਦ ਦਾ ਇੱਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਤੇ ਬਾਰੂਦ ਮਿਲਿਆ ਸੀ।