ਸ੍ਰੀਨਗਰ: ਫੌਜ ਨੇ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਭਾਰੀ ਗੋਲੀਬਾਰੀ ਕੀਤੀ। ਇਸ ਵਿਚ 4 ਤੋਂ 5 ਪਾਕਿਸਤਾਨੀ ਸੈਨਿਕ ਮਾਰੇ ਗਏ। ਸੈਨਾ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਪਾਕਿਸਤਾਨ ਨੇ ਅੱਤਵਾਦੀ ਘੁਸਪੈਠ ਨੂੰ ਅੰਜ਼ਾਮ ਦੇਣ ਲਈ ਸ਼ਨੀਵਾਰ ਰਾਤ ਨੂੰ ਅਚਾਨਕ ਭਾਰਤੀ ਚੌਕੀਆਂ 'ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ।
ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਭਾਰਤੀ ਫੌਜ ਨੇ ਗੋਲ਼ੀਬਾਰੀ ਕਰਕੇ ਪੀਓਕੇ ਦੇ ਜੂਰਾ, ਐਥਮੁਕਾਮ ਤੇ ਕੁੰਡਲਸ਼ਾਹੀ ਵਿੱਚ ਸਥਿਤ 4 ਅੱਤਵਾਦੀ ਲਾਂਚ ਪੈਡ ਨਸ਼ਟ ਕਰ ਦਿੱਤੇ। ਇਸੇ ਸਾਲ 26 ਫਰਵਰੀ ਨੂੰ ਪੀਓਕੇ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਏਅਰਸਟ੍ਰਾਈਕ ਦੇ ਬਾਅਦ ਫੌਜ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਚੀਫ ਜਨਰਲ ਬਿਪਿਨ ਰਾਵਤ ਨਾਲ ਗੱਲਬਾਤ ਕੀਤੀ। ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਾਜਨਾਥ ਖੁਦ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਤੇ ਸੈਨਾ ਮੁਖੀ ਨੂੰ ਇਸ ਨੂੰ ਅਪਡੇਟ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਫੌਜ ਨੇ ਕਿਹਾ- ਸਾਡੇ ਕੋਲ ਪੁਖ਼ਤਾ ਜਾਣਕਾਰੀ ਸੀ ਕਿ ਕੰਟਰੋਲ ਰੇਖਾ ਦੇ ਪਾਰ ਇਨ੍ਹਾਂ ਲਾਂਚ ਪੈਡਾਂ ਵਿੱਚ ਅੱਤਵਾਦੀ ਮੌਜੂਦ ਹਨ। ਇਸ ਤੋਂ ਬਾਅਦ ਫੌਜ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਪਾਕਿਸਤਾਨੀ ਫੌਜ ਇਨ੍ਹਾਂ ਅੱਤਵਾਦੀਆਂ ਨੂੰ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਾਉਣਾ ਚਾਹੁੰਦੀ ਸੀ ਤੇ ਇਸੇ ਕਾਰਨ ਉਸ ਨੇ ਸ਼ਨੀਵਾਰ ਰਾਤ ਨੂੰ ਅਚਾਨਕ ਭਾਰਤੀ ਚੌਕੀਆਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਦੇ ਜਵਾਬ ਵਿਚ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ। ਪਾਕਿ ਆਰਮੀ ਦੀਆਂ ਕੁਝ ਪੋਸਟਾਂ ਇਨ੍ਹਾਂ ਲਾਂਚ ਪੈਡਾਂ ਦੀ ਰੱਖਿਆ ਕਰ ਰਹੀਆਂ ਸਨ ਤੇ ਭਾਰਤੀ ਫੌਜ ਨੇ ਵੀ ਇਨ੍ਹਾਂ ਕੁਝ ਪੋਸਟਾਂ ਨੂੰ ਨਿਸ਼ਾਨਾ ਬਣਾਇਆ।