ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਸਥਾਨਕ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਗੇੜ 'ਚ ਜੰਮੂ-ਕਸ਼ਮੀਰ ਤੇ ਲੱਦਾਖ ਦੇ 422 ਵਾਰਡਾਂ 'ਚ ਵੋਟਾਂ ਪੈਣਗੀਆਂ। ਕਰੀਬ ਸੱਤ ਸਾਲ ਦੇ ਵਕਫੇ ਬਾਅਦ ਹੋ ਰਹੀਆਂ ਇਨ੍ਹਾਂ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਾਂਤੀਪੂਰਵਕ ਚੋਣਾਂ ਲਈ ਸਥਾਨਕ ਪੁਲਿਸ ਤੋਂ ਇਲਾਵਾ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 400 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।


ਪ੍ਰਸ਼ਾਸਨ ਨੇ ਵੱਖਵਾਦੀ ਨੇਤਾ ਮੀਰਵਾਈਜ਼ ਉਮਰ ਫਾਰੂਕ, ਯਾਸੀਨ ਮਲਿਕ ਤੇ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਨਜ਼ਰਬੰਦ ਕਰ ਦਿੱਤਾ ਹੈ। ਦਰਅਸਲ ਵੱਖਵਾਦੀਆਂ ਨੇ ਲੋਕਾਂ ਨੂੰ ਇਨ੍ਹਾਂ ਚੋਣਾਂ 'ਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ ਹੋਈ ਹੈ। ਚੋਣਾਂ ਦੇ ਮੱਦੇਨਜ਼ਰ ਪੂਰੀ ਘਾਟੀ 'ਚ ਬੰਦ ਦਾ ਐਲਾਨ ਹੈ। ਦੱਖਣੀ ਕਸ਼ਮੀਰ 'ਚ ਇੰਟਰਨੈਟ ਸੇਵਾਵਾਂ ਵੀ ਠੱਪ ਰਹੀਆਂ। ਘਾਟੀ ਦੇ ਹੋਰ ਇਲਾਕਿਆਂ 'ਚ ਇੰਟਰਨੈਟ ਦੀ ਸਪੀਡ ਘੱਟ ਕਰ ਦਿੱਤੀ ਗਈ ਹੈ।


ਜੰਮੂ-ਕਸ਼ਮੀਰ 'ਚ ਕੁੱਲ 79 ਮਿਊਸੀਂਪਲ ਕੌਂਸਲ, ਕਮੇਟੀ ਤੇ ਕਾਰਪੋਰੇਸ਼ਨਾਂ ਹਨ। ਪਹਿਲੇ ਗੇੜ 'ਚ ਜੰਮੂ ਦੇ 247 ਵਾਰਡ, ਕਸ਼ਮੀਰ ਦੇ 149 ਤੇ ਲੱਦਾਖ ਦੇ 26 ਵਾਰਡਾਂ 'ਚ ਚੋਣ ਹੋ ਰਹੀ ਹੈ। ਇਨ੍ਹਾਂ ਵਾਰਡਾਂ 'ਚ ਕੁੱਲ 1283 ਉਮੀਦਵਾਰ ਚੋਣ ਮੈਦਾਨ 'ਚ ਹਨ।