ਗਾਂਧੀਨਗਰ: ਗੁਜਰਾਤ 'ਚ ਉੱਤਰੀ ਭਾਰਤੀਆਂ 'ਤੇ ਹਮਲੇ ਤੇ ਪਲਾਇਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਹੈ। ਗੁਜਰਾਤ ਦੇ 6 ਜ਼ਿਲ੍ਹਿਆਂ 'ਚ ਹਾਲਾਤ ਬੇਹੱਦ ਖ਼ਰਾਬ ਹਨ। ਗੁਜਰਾਤ 'ਚ ਰਹਿਣ ਵਾਲੇ ਉੱਤਰੀ ਭਾਰਤੀਆਂ 'ਚ ਖੌਫ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਉਹ ਸੂਬਾ ਛੱਡ ਕੇ ਜਾਣ ਲੱਗੇ ਹਨ। ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਇੱਥੋਂ ਤੱਕ 15-15 ਸਾਲ ਤੋਂ ਕੰਮ ਕਰ ਰਹੇ ਲੋਕ ਵੀ ਗੁਜਰਾਤ ਛੱਡ ਕੇ ਜਾ ਰਹੇ ਹਨ।
ਹਾਲਾਤ ਦਾ ਅਸਰ ਗੁਜਰਾਤ ਦੇ ਕਾਰੋਬਾਰ 'ਤੇ ਵੀ ਪੈਣ ਲੱਗਾ ਹੈ। ਗੁਜਰਾਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਨੇ ਮੁੱਖ ਮੰਤਰੀ ਵਿਜੇ ਰੂਪਾਣੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਪਰਵਾਸੀ ਮਜ਼ਦੂਰਾਂ 'ਤੇ ਹਮਲੇ ਤੇ ਪਲਾਇਨ ਨਾਲ ਉਤਪਾਦਨ ਤੇ ਵਪਾਰ 'ਤੇ ਅਸਰ ਪੈ ਰਿਹਾ ਹੈ।