ਸ੍ਰੀਨਗਰ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਤਵਾਦੀਆਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਦਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਜਤਾਇਆ ਕਿ ਜੇ ਅੱਤਵਾਦੀਆਂ ਦੇ ਪਰਿਵਾਰਾਂ ਦਾ ਸੋਸ਼ਣ ਨਾ ਰੁਕਿਆ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਮੁਫਤੀ ਨੇ ਇੱਕ ਸ਼ੱਕੀ ਅੱਤਵਾਦੀ ਦੀ ਭੈਣ ਨਾ ਰੂਬੀਨਾ ਨਾਲ ਮੁਲਾਕਾਤ ਵੀ ਕੀਤੀ।


ਅੱਤਵਾਦੀ ਦੀ ਭੈਣ ਨਾਲ ਮੁਲਾਕਾਤ ਦੇ ਬਾਅਦ ਉਨ੍ਹਾਂ ਕਿਹਾ ਕਿ ਰੂਬੀਨਾ, ਉਸ ਦੇ ਪਤੀ ਤੇ ਭਰਾ ਦੀ ਪੁਲਿਸ ਹਿਰਾਸਤ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਨੂੰ ਇਸ ਤਰੀਕੇ ਨਾਲ ਮਾਰਿਆ ਗਿਆ ਹੈ ਕਿ ਉਹ ਮੰਜੇ ਤੋਂ ਉੱਠਣ ਦੇ ਵੀ ਕਾਬਲ ਨਹੀਂ ਹਨ। ਮੁਫਤੀ ਨੇ ਕਿਹਾ ਕਿ ਜੇ ਕੋਈ ਹਮਲਾਵਰ ਹੈ ਤਾਂ ਉਸ ਦੀ ਭੈਣ ਦਾ ਕੀ ਕਸੂਰ? ਉਸ ਦੀ ਭੈਣ ਦੇ ਕੱਪੜੇ ਉਤਾਰੇ ਗਏ ਤੇ ਕੁੱਟਮਾਰ ਕੀਤੀ ਗਈ।



ਯਾਦ ਰਹੇ ਕਿ 29 ਦਸੰਬਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਮਾਰੇ ਗਏ ਸੀ। ਮਹਿਬੂਬਾ ਮੁਫਤੀ ਇਨ੍ਹਾਂ ਵਿੱਚੋਂ ਹੀ ਇੱਕ ਦੇ ਪਰਿਵਾਰ ਨੂੰ ਮਿਲਣ ਲਈ ਗਏ ਸਨ। ਉਨ੍ਹਾਂ ਅੱਤਵਾਦੀ ਦੀ ਭੈਣ ਰੂਬੀਨਾ ਨਾਲ ਮੁਲਾਕਾਤ ਕੀਤੀ ਜਿਸ ਦੀ ਜੰਮੂ-ਕਸ਼ਮੀਰ ਪੁਲਿਸ ਨੇ ਹਿਰਾਸਤ ਵਿੱਚ ਕਥਿਤ ਕੁੱਟਮਾਰ ਕੀਤੀ ਸੀ।

ਮੁਫਤੀ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੂੰ ਇਸ ਘਟਨਾ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਰਾਜਪਾਲ ਨੂੰ ਅਪੀਲ ਕੀਤੀ ਹੈ। ਜੇ ਅੱਤਵਾਦੀਆਂ ਦੇ ਵਾਰਸਾਂ ਦਾ ਸੋਸ਼ਣ ਨਾ ਰੁਕਿਆ ਤਾਂ ਇਸ ਦੇ ਮਾੜੇ ਨਤੀਜੇ ਨਿਕਲਣਗੇ ਤੇ ਘਾਟੀ ਵਿੱਚ ਯਲਗਾਵ ਹੋਰ ਵਧ ਸਕਦਾ ਹੈ।