ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਅਮੀਰਾ ਕਦਲ ਦੇ ਹਰੀ ਸਿੰਘ ਹਾਈ ਸਟਰੀਟ ਇਲਾਕੇ 'ਚ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ ਹੈ, ਜਿਸ 'ਚ ਇਕ ਪੁਲਿਸ ਕਰਮਚਾਰੀ ਸਮੇਤ 22 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਪੁਲੀਸ ਮੁਲਾਜ਼ਮ ਸਮੇਤ 24 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਮਹਾਰਾਜਾ ਹਰੀ ਸਿੰਘ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਅਸਲਮ ਮਖਦੂਮੀ (70) ਵਜੋਂ ਹੋਈ ਹੈ ਜੋ ਸ਼ਹਿਰ ਦੇ ਨੌਹੱਟਾ ਇਲਾਕੇ ਦਾ ਰਹਿਣ ਵਾਲਾ ਸੀ।


ਜੰਮੂ-ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ। ਅਬਦੁੱਲਾ ਨੇ ਟਵੀਟ ਕੀਤਾ, ''ਮੈਂ ਇਸ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

 

ਮੁਫਤੀ ਨੇ ਟਵੀਟ ਕਰਦਿਆਂ ਕਿਹਾ ਮੈਂ 'ਇਸ ਹਮਲੇ ਦੀ ਨਿੰਦਾ ਕਰਦੀ ਹਾਂ। ਜੰਮੂ-ਕਸ਼ਮੀਰ ਦੇ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਇਹ ਦੁੱਖ ਦੀ ਗੱਲ ਹੈ ਕਿ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਇਸ ਸੰਘਰਸ਼ ਅਤੇ ਖੂਨ-ਖਰਾਬੇ ਨੂੰ ਖਤਮ ਕਰਨ ਲਈ ਕੁਝ ਕਰ ਰਹੇ ਹਨ। ਮੈਂ ਦੁਖੀ ਪਰਿਵਾਰਾਂ ਲਈ ਪ੍ਰਾਰਥਨਾ ਕਰਦੀ ਹਾਂ। ਸੱਜਾਦ ਲੋਨ ਦੀ ਅਗਵਾਈ ਵਾਲੀ ਪੀਪਲਜ਼ ਕਾਨਫਰੰਸ ਅਤੇ ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਅਲਤਾਫ ਠਾਕੁਰ ਨੇ ਇਸ ਹਮਲੇ ਨੂੰ ਵਹਿਸ਼ੀ ਅਤੇ ਕਾਇਰਤਾ ਵਾਲਾ ਕਰਾਰ ਦਿੱਤਾ ਹੈ।