Jammu Kshmir: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨੇ ਇੱਕ ਵਾਰ ਫਿਰ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਬਡਗਾਮ 'ਚ ਤਹਿਸੀਲ ਦਫਤਰ 'ਚ ਕੰਮ ਕਰਦੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਰਾਹੁਲ ਭੱਟ ਨਾਂ ਦੇ ਕਰਮਚਾਰੀ 'ਤੇ ਗੋਲੀਬਾਰੀ ਕੀਤੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਭੱਟ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ 'ਚ 2 ਅੱਤਵਾਦੀ ਸ਼ਾਮਲ ਹਨ ਅਤੇ ਉਨ੍ਹਾਂ ਨੇ ਇਸ ਅਪਰਾਧ ਲਈ ਪਿਸਤੌਲ ਦੀ ਵਰਤੋਂ ਕੀਤੀ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ''ਮੈਂ ਰਾਹੁਲ ਭੱਟ 'ਤੇ ਹੋਏ ਘਾਤਕ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹਾਂ। ਰਾਹੁਲ ਚਦੂਰਾ ਸਥਿਤ ਤਹਿਸੀਲ ਦਫ਼ਤਰ ਵਿੱਚ ਕੰਮ ਕਰਨ ਵਾਲਾ ਸਰਕਾਰੀ ਮੁਲਾਜ਼ਮ ਸੀ ਜਿੱਥੇ ਉਸ ’ਤੇ ਹਮਲਾ ਹੋਇਆ। ਸੂਬੇ 'ਚ ਟਾਰਗੇਟਿਡ ਕਿਲਿੰਗਜ਼ ਜਾਰੀ ਹੈ ਅਤੇ ਡਰ ਦਾ ਮਾਹੌਲ ਵਧ ਰਿਹਾ ਹੈ। ਰਾਹੁਲ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ।"
ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਸੁਰੱਖਿਆ ਬਲਾਂ ਦਾ ਲਗਾਤਾਰ ਆਪ੍ਰੇਸ਼ਨ ਜਾਰੀ ਹੈ। ਬੁੱਧਵਾਰ ਨੂੰ ਹੀ ਸੁਰੱਖਿਆ ਬਲਾਂ ਨੇ ਬਾਂਦੀਪੋਰਾ ਦੇ ਸਲਿੰਦਰ ਦੇ ਜੰਗਲਾਂ 'ਚ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਦੂਰੂ ਇਲਾਕੇ ਦੇ ਕ੍ਰੇਰੀ 'ਚ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।
ਜੰਮੂ-ਕਸ਼ਮੀਰ 'ਚ ਕਰੀਬ 168 ਅੱਤਵਾਦੀ ਸਰਗਰਮ ਹਨ ਜਦਕਿ ਇਸ ਸਾਲ ਮੁਕਾਬਲੇ 'ਚ 75 ਅੱਤਵਾਦੀ ਮਾਰੇ ਗਏ ਹਨ। ਪੁਲਿਸ ਮੁਤਾਬਕ ਮਾਰੇ ਗਏ ਅੱਤਵਾਦੀਆਂ ਚੋਂ 21 ਵਿਦੇਸ਼ੀ ਸੀ। ਉਨ੍ਹਾਂ ਦੱਸਿਆ ਕਿ ਸਾਲ 2021 ਵਿੱਚ ਸੁਰੱਖਿਆ ਬਲਾਂ ਵੱਲੋਂ 180 ਅੱਤਵਾਦੀ ਮਾਰੇ ਗਏ ਸੀ, ਜਿਨ੍ਹਾਂ ਵਿੱਚੋਂ 18 ਵਿਦੇਸ਼ੀ ਸੀ।
ਇਹ ਵੀ ਪੜ੍ਹੋ: ਇੱਕ ਵਾਰ ਫਿਰ Archana Puran Singh ਨੇ ਖੋਹੀ ਨਵਜੋਤ ਸਿੱਧੂ ਦੀ ਕੁਰਸੀ, ਜਾਣੋ ਪੂਰਾ ਮਾਮਲਾ