ਮੁੰਬਈ: ਬੰਦ ਹੋਣ ਦੇ ਕੰਢੇ ਖੜ੍ਹੀ ਨਿੱਜੀ ਖੇਤਰ ਦੀ ਉਡਾਣ ਕੰਪਨੀ ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਕੋਈ ਹੱਲ ਕੱਢਣ ਲਈ ਅਪੀਲ ਕੀਤੀ ਹੈ। ਜੈੱਟ ਪਾਇਲਟਾਂ ਨੇ ਸਟੇਟ ਬੈਂਕ ਆਫ਼ ਇੰਡੀਆ ਨੂੰ 1,500 ਕਰੋੜ ਰੁਪਏ ਜਾਰੀ ਕਰਨ ਤੇ ਨਰੇਂਦਰ ਮੋਦੀ ਨੂੰ 20,000 ਤੋਂ ਵੱਧ ਨੌਕਰੀਆਂ ਬਚਾਉਣ ਦਾ ਵਾਸਤਾ ਪਾਇਆ ਹੈ।

ਕੰਪਨੀ ਦੇ 123 ਜਹਾਜ਼ਾਂ ਵਿੱਚੋਂ ਹੁਣ ਸਿਰਫ ਛੇ-ਸੱਤ ਜਹਾਜ਼ ਹੀ ਉਡਾਣ ਭਰ ਰਹੇ ਹਨ, ਜਦਕਿ ਬਾਕੀ ਧਰਤੀ 'ਤੇ ਖੜ੍ਹੇ ਹਨ। ਸੋਮਵਾਰ ਨੂੰ ਇੱਥੋਂ ਦੇ ਸਿਰੋਇਆ ਕੇਂਦਰ ਵਿੱਚ ਇਕੱਠੇ ਹੋਏ ਪਾਇਲਟਾਂ ਐਸਬੀਆਈ ਨੂੰ ਅਪੀਲ ਕੀਤੀ ਕਿ ਬੈਂਕ ਆਪਣੀ ਤਜਵੀਜ਼ ਮੁਤਾਬਕ 1,500 ਕਰੋੜ ਰੁਫਏ ਦੇ ਫੰਡ ਜਾਰੀ ਕਰੇ ਤਾਂ ਜੋ ਉਡਾਣਾਂ ਜਾਰੀ ਹੋ ਸਕਣ।

ਏਅਰਲਾਈਨ ਦੇ ਪਾਇਲਟਾਂ, ਇੰਜਨੀਅਰਜ਼ ਤੇ ਕੈਬਿਨ ਕਰੂ ਸਟਾਫ ਸਮੇਤ ਹੋਰਾਂ ਨੇ ਇੱਕਜੁੱਟਤਾ ਦਾ ਮੁਜ਼ਾਹਰਾ ਕੀਤਾ। ਹਾਲਾਂਕਿ, ਮਾਰਚ ਮਹੀਨੇ ਤੋਂ ਕੰਪਨੀ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਦਾ ਨਹੀਂ ਕੀਤੀਆਂ। ਪਿਛਲੇ ਮਹੀਨੇ, ਐਸਬੀਆਈ ਦੀ ਅਗਵਾਈ ਵਾਲੇ ਕਰਦਾਤਾਵਾਂ ਦੇ ਵਫ਼ਦ ਨੇ ਨਵੇਂ ਨਿਵੇਸ਼ਕ ਦੇ ਨਾ ਮਿਲਣ ਤਕ 1,500 ਕਰੋੜ ਰੁਪਏ ਜਾਰੀ ਕਰਨ ਦੀ ਤਜਵੀਜ਼ ਘੜੀ ਸੀ। ਹਾਲੇ ਤਕ ਇਸ 'ਤੇ ਅਮਲ ਨਹੀਂ ਹੋਇਆ।