Joshimath Land Sinking House Cracks : ਉੱਤਰਾਖੰਡ ਦੇ ਜੋਸ਼ੀਮਠ ਵਿੱਚ ਸਥਿਤੀ ਹਰ ਪਲ ਵਿਗੜਦੀ ਜਾ ਰਹੀ ਹੈ। ਖਤਰਨਾਕ ਇਮਾਰਤਾਂ ਤੋਂ ਹੁਣ ਤੱਕ ਸੈਂਕੜੇ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹੁਣ ਤੱਕ 700 ਤੋਂ ਵੱਧ ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ ਅਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ 86 ਘਰਾਂ ਨੂੰ ਅਸੁਰੱਖਿਅਤ ਦੱਸਿਆ ਗਿਆ ਹੈ। ਇਸ ਤੋਂ ਇਲਾਵਾ 100 ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਹੁਣ ਪ੍ਰਸ਼ਾਸਨ ਖ਼ਤਰਨਾਕ ਇਮਾਰਤਾਂ (ਹੋਟਲਾਂ ਅਤੇ ਮਕਾਨਾਂ) ਨੂੰ ਢਾਹੁਣ ਦੀ ਤਿਆਰੀ ਕਰ ਰਿਹਾ ਹੈ।



ਹਾਲਾਂਕਿ ਪ੍ਰਸ਼ਾਸਨ ਦੀਆਂ ਤਿਆਰੀਆਂ ਵਿਚਾਲੇ ਜ਼ਮੀਨ ਖਿਸਕਣ ਕਾਰਨ ਗਾਂਧੀਨਗਰ ਅਤੇ ਪਾਲਿਕਾ ਮਾਰਵਾੜੀ 'ਚ ਬਣੇ ਮਕਾਨਾਂ 'ਚ ਤਰੇੜਾਂ ਆਉਣ ਲੱਗ ਪਈਆਂ ਹਨ। ਅਧਿਕਾਰੀਆਂ ਮੁਤਾਬਕ ਗਾਂਧੀਨਗਰ 'ਚ 134 ਅਤੇ ਪਾਲਿਕਾ ਮਾਰਵਾੜੀ 'ਚ 35 ਘਰਾਂ 'ਚ ਤਰੇੜਾਂ ਆ ਗਈਆਂ ਹਨ। ਇਸ ਦੇ ਨਾਲ ਹੀ ਲੋਅਰ ਬਾਜ਼ਾਰ 'ਚ 34, ਸਿੰਘਧਾਰ 'ਚ 88, ਮਨੋਹਰ ਬਾਗ 'ਚ 112, ਅੱਪਰ ਬਾਜ਼ਾਰ 'ਚ 40, ਸੁਨੀਲ ਪਿੰਡ 'ਚ 64, ਪਰਾਸਰੀ 'ਚ 55 ਅਤੇ ਰਵੀਗਰਾਮ 'ਚ 161 ਘਰ ਅਸੁਰੱਖਿਅਤ ਜ਼ੋਨ 'ਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜੋਸ਼ੀਮਠ 'ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 723 ਘਰਾਂ 'ਚ ਤਰੇੜਾਂ ਆ ਚੁੱਕੀਆਂ ਹਨ।


ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਮੀਂਹ ਕਾਰਨ ਵੱਧ ਸਕਦੀਆਂ ਮੁਸ਼ਕਲਾਂ 


ਜੋਸ਼ੀਮੱਠ 'ਚ ਪ੍ਰਸ਼ਾਸਨ ਬੁੱਧਵਾਰ ਤੋਂ ਖਤਰਨਾਕ ਇਮਾਰਤਾਂ ਨੂੰ ਢਾਹੁਣ ਦੀ ਤਿਆਰੀ ਕਰ ਰਿਹਾ ਹੈ ਪਰ ਪ੍ਰਸ਼ਾਸਨ ਦੇ ਸਾਹਮਣੇ ਵੱਡੀ ਚੁਣੌਤੀ ਹੈ। ਦਰਅਸਲ, ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਹੈ। ਜੇਕਰ ਜੋਸ਼ੀਮਠ 'ਚ ਮੀਂਹ ਪੈਂਦਾ ਹੈ ਤਾਂ ਮੁਸੀਬਤ ਹੋਰ ਵਧ ਸਕਦੀ ਹੈ। ਇਸ ਨਾਲ ਸਥਾਨਕ ਲੋਕਾਂ ਲਈ ਹੋਰ ਮੁਸ਼ਕਲ ਹੋ ਸਕਦੀ ਹੈ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਬਾਰਿਸ਼ ਨਾਲ ਨਜਿੱਠਣ ਲਈ ਕੀ ਰਣਨੀਤੀ ਬਣਾਉਂਦਾ ਹੈ।


ਇਹ ਵੀ ਪੜ੍ਹੋ : ਆਸਟ੍ਰੇਲੀਅਨ ਪਿਜ਼ਾ ਕੰਪਨੀ ਨੂੰ ਭਾਰਤੀ ਮਹਿਲਾ ਨਾਲ ਪੰਗਾ ਪਿਆ ਮਹਿੰਗਾ, 53000 ਡਾਲਰ ਠੋਕਿਆ ਹਰਜਾਨਾ

ਪੀੜਤਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ  

ਜੋਸ਼ੀਮਠ ਤੋਂ ਹੁਣ ਤੱਕ 131 ਪਰਿਵਾਰ ਬੇਘਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉੱਤਰਾਖੰਡ ਦੇ ਮੁੱਖ ਸਕੱਤਰ ਐਸਐਸ ਸੰਧੂ ਨੇ ਮੌਜੂਦਾ ਸਥਿਤੀ ਬਾਰੇ ਐਨਸੀਐਮਸੀ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਘਰਾਂ ਦੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੇ ਰਹਿਣ ਲਈ ਜੋਸ਼ੀਮਠ ਅਤੇ ਪਿੱਪਲਕੋਟੀ ਵਿਖੇ ਰਾਹਤ ਆਸਰਾ-ਘਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਰਾਜ ਸਰਕਾਰ ਢੁਕਵੇਂ ਮੁਆਵਜ਼ੇ ਅਤੇ ਰਾਹਤ ਉਪਾਅ ਪ੍ਰਦਾਨ ਕਰ ਰਹੀ ਹੈ।

ਗ੍ਰਹਿ ਮੰਤਰਾਲੇ ਦੀ ਟੀਮ ਨੇ ਦੌਰਾ ਕੀਤਾ

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਮੇਟੀ ਨੂੰ ਦੱਸਿਆ ਕਿ ਸੀਮਾ ਪ੍ਰਬੰਧਨ ਸਕੱਤਰ ਦੀ ਅਗਵਾਈ ਵਿੱਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਫਿਲਹਾਲ ਜੋਸ਼ੀਮਠ ਵਿੱਚ ਹੈ। ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਸ਼ਹਿਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਲੋਕ ਹਿੱਤ ਵਿੱਚ ਢਾਹੁਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਜੋਸ਼ੀਮਠ

ਦੱਸ ਦੇਈਏ ਕਿ ਜੋਸ਼ੀਮਠ ਨੂੰ ਸੋਮਵਾਰ ਨੂੰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਾ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਰਕਾਰ ਦਾ ਇਕ ਮਾਹਰ ਪੈਨਲ ਵੀ ਜੋਸ਼ੀਮੱਠ ਦੀ ਸਥਿਤੀ 'ਤੇ ਖੋਜ ਕਰ ਰਿਹਾ ਹੈ। ਪੈਨਲ ਨੇ ਪਾਇਆ ਹੈ ਕਿ ਜੋਸ਼ੀਮਠ ਦੇ ਹੇਠਾਂ ਜ਼ਮੀਨ ਨੂੰ ਉਜਾੜਿਆ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਮਨੁੱਖ ਦੁਆਰਾ ਬਣਾਏ ਅਤੇ ਕੁਦਰਤੀ ਕਾਰਨਾਂ ਕਰਕੇ ਜੋਸ਼ੀਮਠ ਡੁੱਬ ਰਿਹਾ ਹੈ। ਵਾਤਾਵਰਣ ਮਾਹਿਰ ਵਿਮਲੇਂਦੂ ਝਾਅ ਨੇ ਕਿਹਾ ਕਿ ਜੋਸ਼ੀਮਠ ਇਸ ਤ੍ਰਾਸਦੀ ਦਾ ਆਖਰੀ ਗਵਾਹ ਨਹੀਂ ਹੈ ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਹਿਮਾਲਿਆ ਦੇ ਕਈ ਸ਼ਹਿਰ ਅਤੇ ਪਿੰਡਾਂ ਨੂੰ ਇਸ ਤਰ੍ਹਾਂ ਦੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।