ਨਵੀਂ ਦਿੱਲੀ: ਮੁੰਬਈ ਦੇ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਫਾਂਸੀ ਖਿਲਾਫ਼ ਅੱਧੀ ਰਾਤ ਵਿੱਚ ਸੁਣਵਾਈ ਕਰਨ ਅਤੇ ਨਿਰਭਿਆ ਬਲਾਤਕਾਰ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਵਾਲੇ ਜਸਟੀਸ ਦੀਪਕ ਮਿਸ਼ਰਾ ਨੇ ਅੱਜ ਦੇਸ਼ ਦੇ 45ਵੇਂ ਚੀਫ਼ ਜਸਟਿਸ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ ਹੈ।

ਇਸ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਪ-ਰਾਸ਼ਟਰਪਤੀ ਵੇਂਕਈਆ ਨਾਇਡੂ ਸਮੇਤ ਕਈ ਹੋਰ ਵੱਡੇ ਨੇਤਾ ਮੌਜੂਦ ਸਨ।

ਦੱਸਣਾ ਬਣਦਾ ਹੈ ਕਿ ਇਨ੍ਹਾਂ ਤੋਂ ਪਹਿਲਾਂ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਐਤਵਾਰ ਨੂੰ ਰਿਟਾਇਰ ਹੋ ਗਏ ਸਨ। ਹਾਲਾਂਕਿ, ਸ਼ਨੀਵਾਰ ਅਤੇ ਐਤਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਛੁੱਟੀ ਰਹਿਣ ਦੇ ਕਾਰਨ ਕੋਰਟ ਰੂਮ ਵਿੱਚ ਉਨ੍ਹਾਂ ਦਾ ਸ਼ੁੱਕਰਵਾਰ ਨੂੰ ਹੀ ਆਖ਼ਰੀ ਦਿਨ ਰਿਹਾ। ਅੱਠ ਅਗਸਤ ਨੂੰ ਕਾਨੂੰਨ ਮੰਤਰਾਲਾ ਵੱਲੋਂ ਦੀਪਕ ਮਿਸ਼ਰਾ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ।

ਜਸਟਿਸ ਮਿਸ਼ਰਾ ਭਾਰਤ ਦੇ ਚੀਫ਼ ਜਸਟਿਸ ਬਣਨ ਵਾਲੇ ਓੜੀਸ਼ਾ ਦੇ ਤੀਜੇ ਜੱਜ ਹਨ। ਉਨ੍ਹਾਂ ਤੋਂ ਪਹਿਲਾਂ ਓੜੀਸ਼ਾ ਦੇ ਹੀ ਜਸਟਿਸ ਰੰਗਨਾਥ ਮਿਸ਼ਰਾ ਅਤੇ ਜਸਟੀਸ ਜੀ.ਬੀ. ਪਟਨਾਇਕ ਵੀ ਇਸ ਅਹੁਦੇ 'ਤੇ ਕੰਮ ਕਰ ਚੁੱਕੇ ਹਨ।

ਜਸਟਿਸ ਮਿਸ਼ਰਾ ਯਾਕੂਬ ਮੈਮਨ 'ਤੇ ਦਿੱਤੇ ਗਏ ਫ਼ੈਸਲੇ ਦੇ ਕਾਰਨ ਕਾਫ਼ੀ ਸੁਰਖੀਆਂ ਵਿੱਚ ਰਹੇ ਸਨ। ਉਨ੍ਹਾਂ ਰਾਤ ਭਰ ਸੁਣਵਾਈ ਕਰਦਿਆਂ ਯਾਕੂਬ ਦੀ ਫਾਂਸੀ 'ਤੇ ਰੋਕ ਲਗਾਉਣ ਵਾਲੀ ਮੰਗ ਨੂੰ ਖਾਰਜ ਕਰ ਦਿੱਤਾ ਸੀ। ਉਹ ਪਟਨਾ ਅਤੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਵੀ ਰਹਿ ਚੁੱਕੇ ਹਨ।

ਕੌਣ ਹਨ ਜਸਟਿਸ ਦੀਪਕ ਮਿਸ਼ਰਾ

3 ਅਕਤੂਬਰ 1953 ਨੂੰ ਜਨਮੇ ਜਸਟਿਸ ਮਿਸ਼ਰਾ ਨੂੰ 17 ਫ਼ਰਵਰੀ 1996 ਨੂੰ ਉੜੀਸਾ ਹਾਈਕੋਰਟ ਦਾ ਵਧੀਕ ਜੱਜ ਬਣਾਇਆ ਗਿਆ ਸੀ। 3 ਮਾਰਚ 1997 ਨੂੰ ਉਨ੍ਹਾਂ ਦੀ ਬਦਲੀ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਕਰ ਦਿੱਤੀ ਗਈ ਸੀ। ਉਸੇ ਸਾਲ 19 ਦਸੰਬਰ ਨੂੰ ਉਨ੍ਹਾਂ ਨੂੰ ਸਥਾਈ ਤੌਰ 'ਤੇ ਨਿਯੁਕਤ ਕਰ ਦਿੱਤਾ ਸੀ। ਚਾਰ ਦਿਨ ਬਾਅਦ 23 ਦਸੰਬਰ 2009 ਨੂੰ ਉਨ੍ਹਾਂ ਨੂੰ ਪਟਨਾ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਅਤੇ 24 ਮਈ 2010 ਨੂੰ ਦਿੱਲੀ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾ ਦਿੱਤਾ ਗਿਆ ਸੀ।

ਇੱਥੇ ਰਹਿੰਦਿਆਂ ਉਨ੍ਹਾਂ ਪੰਜ ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੇ ਫੈਸਲੇ ਸੁਣਾਏ ਅਤੇ ਲੋਕ ਅਦਾਲਤਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਯਤਨ ਕੀਤੇ। ਉਨ੍ਹਾਂ ਨੂੰ 10 ਅਕਤੂਬਰ 2011 ਨੂੰ ਤਰੱਕੀ ਦੇ ਕੇ ਸੁਪ੍ਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਮਿਸ਼ਰਾ ਨੇ ਹੀ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ-ਗਾਨ ਲਾਜ਼ਮੀ ਤੌਰ 'ਤੇ ਵਜਾਉਣ ਦੇ ਆਦੇਸ਼ ਜਾਰੀ ਕੀਤੇ ਸਨ।