ਚੰਡੀਗੜ੍ਹ : ਡੇਰਾ ਵਿਵਾਦ ਕਾਰਨ ਰੇਲ ਸੇਵਾਵਾਂ ਠੱਪ ਰਹਿਣ ਕਾਰਨ ਤਿੰਨ ਦਿਨਾਂ ਵਿੱਚ ਰੇਲਵੇ ਨੂੰ 33 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਡੇਰਾ ਵਿਵਾਦ ਕਾਰਨ ਹੀ ਉੱਤਰੀ ਰੇਲਵੇ ਨੇ ਭਲਕੇ ਵੀ ਪੰਜਾਬ ਤੇ ਹਰਿਆਣਾ ਵਿੱਚ ਰੇਲ ਗੱਡੀਆਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ। ਲੰਘੀ ਰਾਤ ਕੁਝ ਰੂਟਾਂ ’ਤੇ ਰੇਲ ਸੇਵਾ ਬਹਾਲ ਹੋਈ ਸੀ ਤੇ ਭਲਕੇ ਫਿਰ ਬੰਦ ਕਰ ਦਿੱਤੀ ਜਾਵੇਗੀ।

ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਸਮੁੱਚੀਆਂ ਰੇਲ ਸੇਵਾਵਾਂ ਨੂੰ ਉਦੋਂ ਹੀ ਆਮ ਵਾਂਗ ਕਰਨਗੇ, ਜਦੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਰੇਲਵੇ ਨੂੰ ਸੁਰੱਖਿਆ ਦਾ ਭਰੋਸਾ ਦੇਣਗੀਆਂ। ਡੇਰਾ ਮੁਖੀ ਦੀ 25 ਅਗਸਤ ਦੀ ਪੇਸ਼ੀ ਨੂੰ ਲੈ ਕੇ ਉਤਰੀ ਰੇਲਵੇ ਵੱਲੋਂ ਤਿੰਨ ਦਿਨ ਤੱਕ ਦੋਵਾਂ ਸੂਬਿਆਂ ਵਿੱਚ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ।

ਇਨ੍ਹਾਂ ਤਿੰਨ ਦਿਨਾਂ ਵਿੱਚ 694 ਗੱਡੀਆਂ ਨੂੰ ਰੱਦ ਕਰਨਾ ਪਿਆ ਸੀ, ਜਿਸ ਨਾਲ ਰੇਲਵੇ ਨੂੰ ਰੋਜ਼ਾਨਾ 10 ਤੋਂ 11 ਕਰੋੜ ਦਾ ਘਾਟਾ ਸਹਿਣਾ ਪਿਆ ਸੀ। ਦੋਹਾਂ ਸੂਬਿਆਂ ਵਿੱਚ 184 ਰੇਲ ਗੱਡੀਆਂ ਰੋਜ਼ਾਨਾ ਚੱਲਦੀਆਂ ਹਨ। ਰੇਲਵੇ ਨੇ 24 ਅਗਸਤ ਤੋਂ ਲੈ ਕੇ 26 ਅਗਸਤ ਰਾਤ ਤੱਕ ਪੰਜਾਬ ਤੇ ਹਰਿਆਣਾ ਦੇ ਛੋਟੇ ਤੇ ਲੰਮੇ ਰੂਟਾਂ ’ਤੇ ਚੱਲਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ ਸਨ। ਹੁਣ ਡੇਰਾ ਮੁਖੀ ਨੂੰ 28 ਅਗਸਤ ਨੂੰ ਸਜ਼ਾ ਸੁਣਾਈ ਜਾਣੀ ਹੈ, ਇਸ ਲਈ ਭਲਕੇ ਵੀ ਗੱਡੀਆਂ ਨਹੀਂ ਚੱਲਣਗੀਆਂ। ਇਨ੍ਹਾਂ ਤਿੰਨਾਂ ਦਿਨਾਂ ਵਿੱਚ ਰੇਲਵੇ ਨੂੰ 33 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਉੱਤਰੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਇਨ੍ਹਾਂ ਤਿੰਨ ਦਿਨਾਂ ਵਿੱਚ 694 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਮੋਟੇ ਤੌਰ ’ਤੇ ਇਹ ਘਾਟਾ 33 ਕਰੋੜ ਹੈ, ਜੋ ਵਧਣ ਦਾ ਖ਼ਦਸ਼ਾ ਹੈ, ਕਿਉਂਕਿ ਅਜੇ ਇਸ ਦਾ ਬਾਰੀਕੀ ਨਾਲ ਹਿਸਾਬ ਨਹੀਂ ਲਾਇਆ ਗਿਆ। ਉਨ੍ਹਾਂ ਕਿਹਾ 28 ਅਗਸਤ ਨੂੰ ਵੀ ਦੋਹਾਂ ਸੂਬਿਆਂ ਵਿੱਚ ਰੇਲ ਸੇਵਾਵਾਂ ਠੱਪ ਰਹਿਣਗੀਆਂ।